ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵੇਲੇ ਮਰਯਾਦਾ ਦੀ ਪਾਲਣਾ ਕਰਨਾ ਸ਼ਰਧਾਲੂਆਂ ਦੀ ਵੀ ਹੈ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵੇਲੇ
ਮਰਯਾਦਾ ਦੀ ਪਾਲਣਾ ਕਰਨਾ ਸ਼ਰਧਾਲੂਆਂ ਦੀ ਵੀ ਹੈ ਜ਼ਿੰਮੇਵਾਰੀ
ਤਲਵਿੰਦਰ ਸਿੰਘ ਬੁੱਟਰ
ਪੰਜਾਬ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉਤੇ ਸੰਭਲ-ਸੰਭਲ ਕੇ ਕਦਮ ਰੱਖੋ। ਹਰ ਇਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ।’ ਬਿਨਾਂ ਸ਼ੱਕ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ‘ਚ ਚਾਰ ਦਰਵਾਜ਼ੇ ਬਣਾ ਕੇ ਗੁਰੂ ਸਾਹਿਬਾਨ ਨੇ ਇਸ ਨੂੰ ਦੁਨੀਆ ਦਾ ਇਕੋ-ਇਕ ਸਰਬ-ਸਾਂਝਾ ਮਹਾਂ-ਤੀਰਥ ਹੋਣ ਦਾ ਮਾਣ ਦਿੱਤਾ ਹੈ ਪਰ ਜਿਵੇਂ ਮੁਸਲਮਾਨ ਲਈ ‘ਮੱਕੇ ਤੋਂ ਪਰੇ ਉਜਾੜ’ ਹੈ, ਜਿਵੇਂ ਹਿੰਦੂ ਦੀ ਮੁਕਤੀ ‘ਹਰਿਦੁਆਰ’ ਤੋਂ ਬਿਨਾਂ ਨਹੀਂ ਹੋ ਸਕਦੀ ਅਤੇ ਜਿਵੇਂ ਇਸਾਈਆਂ ਲਈ ‘ਵੈਟੀਕਨ ਸਿਟੀ’ ਪਵਿੱਤਰ ਹੈ, ਉਵੇਂ ‘ਸ੍ਰੀ ਹਰਿਮੰਦਰ ਸਾਹਿਬ’ ਤੋਂ ਬਿਨਾਂ ਸਿੱਖ ਅਧੂਰਾ ਹੈ, ਨਿਰਜਿੰਦ ਹੈ। ਸਿੱਖ ਰੋਜ਼ਾਨਾ ਅਰਦਾਸ ਵਿਚ ‘ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ’ ਮੰਗਦਾ ਹੈ। ਸ੍ਰੀ ਹਰਿਮੰਦਰ ਸਾਹਿਬ ‘ਸ਼ਮ੍ਹਾ’ ਹੈ ਤੇ ਸਿੱਖ ‘ਪਰਵਾਨਾ’ ਹੈ, ਜਿਸ ਦਾ ਜੀਵਨ ਹੀ ਸ਼ਮ੍ਹਾ ‘ਤੇ ਕੁਰਬਾਨ ਹੋਣ ਲਈ ਹੈ। ਇਸ ਅਬਦੀ ਰਿਸ਼ਤੇ ਕਾਰਨ ਹੀ ਸਿੱਖ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਦੀ ਆਨ, ਬਾਨ ਅਤੇ ਸ਼ਾਨ ਲਈ ਸ਼ਹੀਦੀਆਂ ਪਾਉਂਦੇ ਆਏ ਹਨ।
‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੇ ਅੰਦਰ ਬੈਠਾ ‘ਧੁਰ ਕੀ ਬਾਣੀ’ ਦੇ ਅਖੰਡ ਕੀਰਤਨ ‘ਚ ਸੁਰਤ-ਲੀਨ ਹੋਇਆ ਮਨੁੱਖ ਜਦੋਂ ਬਾਹਰ ਸਰੋਵਰ ਵੱਲ ਝਾਤੀ ਮਾਰਦਾ ਹੈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਇਕ ਜਹਾਜ਼ ‘ਚ ਬੈਠਾ ਹੋਵੇ, ਜੋ ਸਮੁੰਦਰ ‘ਚ ਲਹਿਰਾਂ ਨੂੰ ਚੀਰਦਾ ਹੋਇਆ ਮੱਠਾ-ਮੱਠਾ ਝੂਲਦਿਆਂ ਅੱਗੇ ਵੱਧ ਰਿਹਾ ਹੋਵੇ। ਇਸੇ ਅਨੂਠੇ ਅਨੁਭਵ ਕਾਰਨ ਸਿੱਖ ਅਵਚੇਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ‘ਭਵ ਸਾਗਰ ਦਾ ਬੋਹਿਥ’ ਮੰਨਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੁਨੀਆ ‘ਤੇ ਇਕੋ-ਇਕ ਅਜਿਹਾ ਧਾਰਮਿਕ ਅਸਥਾਨ ਹੈ, ਜਿੱਥੇ ਹਰ ਵੇਲੇ ਸਿਰਫ਼ ਪਰਮਾਤਮਾ ਦੀ ‘ਸਿਫ਼ਤ-ਸਾਲਾਹ’ ਦਾ ਜਸ ਹੀ ਗਾਇਆ ਜਾਂਦਾ ਹੈ। ਇਸੇ ਕਾਰਨ ਹੀ ਇਸ ਨੂੰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਆਖਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਲਾਸਾਨੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਉਪਮਾ ”ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥” ਆਖ ਕੇ ਕੀਤੀ ਹੈ।
ਜਦੋਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਰਕਰਮਾ ਵਿਚ ਪ੍ਰਵੇਸ਼ ਕਰਦਿਆਂ ਸਮਰਪਿਤ ਹੋ ਕੇ ਸੀਸ ਝੁਕਾਉਂਦਾ ਹੈ ਤਾਂ ਮਲੀਨ ਤੋਂ ਮਲੀਨ ਆਤਮਾਵਾਂ ਵੀ ਪਵਿੱਤਰਤਾ, ਨੇਕੀ, ਸੇਵਾ, ਸਚਿਆਈ ਅਤੇ ਨਰੋਏਪਨ ਦੇ ਜਜ਼ਬੇ ਨਾਲ ਵਿਸਮਾਦਤ ਹੋ ਜਾਂਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰਲਾ ਅਧਿਆਤਮਕ ਮਾਹੌਲ ਉੱਤਮ ਸੁਹਜ ਅਤੇ ਆਤਮਕ ਖੇੜੇ ਨੂੰ ਉਭਾਰਦਾ ਹੈ ਅਤੇ ਸੱਖਣਾ ਮਨੁੱਖ ਵੀ ਬਖ਼ਸ਼ਿਸ਼ਾਂ ਨਾਲ ਆਪਣੀਆਂ ਝੋਲੀਆਂ ਭਰ ਕੇ ਮੁੜਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੇ ਅੰਦਰ ਵਿਚਰਦਿਆਂ ਮਨੁੱਖ ਨੂੰ ਬਾਹਰੀ ਸੰਸਾਰ ਅਤੇ ਮਨ ਦੀਆਂ ਚੰਚਲ ਬਿਰਤੀਆਂ ਦਾ ਬਿਲਕੁਲ ਖ਼ਿਆਲ ਭੁੱਲ ਜਾਂਦਾ ਹੈ ਅਤੇ ਮਨੁੱਖ ਇਕ ਵੱਖਰੇ ਹੀ ਸੰਸਾਰ ‘ਚ ਵਿਚਰਦਾ ਮਹਿਸੂਸ ਕਰਦਾ ਹੈ। ਤੁਹਾਨੂੰ ਉਥੇ ਵਿਚਰ ਰਿਹਾ ਹਰ ਮਨੁੱਖ ਕਿਸੇ ਦੇਵ ਲੋਕ ਦਾ ਵਾਸੀ ਜਾਪੇਗਾ। ਕੋਈ ਸਰੋਵਰ ‘ਚ ਇਸ਼ਨਾਨ ਕਰ ਰਿਹਾ ਹੈ, ਕੋਈ ਪਰਕਰਮਾ ਕਰ ਰਿਹਾ ਹੈ, ਕੋਈ ਕੀਰਤਨ ਸਰਵਣ ਕਰ ਰਿਹਾ ਹੈ, ਕੋਈ ਹੱਥ ‘ਚ ਗੁਟਕਾ ਸਾਹਿਬ ਫੜ ਕੇ ਗੁਰਬਾਣੀ ਪੜ੍ਹ ਰਿਹਾ ਹੈ ਅਤੇ ਕੋਈ ਪਵਿੱਤਰ ਪਰਕਰਮਾ ਦੇ ਕਿਸੇ ਕੋਨੇ ਵਿਚ ਆਪਣੇ ਢੰਗ ਨਾਲ ਆਤਮ-ਚਿੰਤਨ ਵਿਚ ਸੁਰਤ-ਲੀਨ ਹੋਈ ਬੈਠਾ ਹੈ। ਸੇਵਾ ਕਰਨ ਵਾਲੇ ਪ੍ਰੇਮੀ ਆਪਣੇ ਰੰਗ ਵਿਚ ਰੰਗੇ ਦਿਖਾਈ ਦਿੰਦੇ ਹਨ। ਇਕ ਅੰਗਰੇਜ਼ ਇਤਿਹਾਸਕਾਰ ਮਾਈਕਲ ਐਡਵਰਡਜ਼ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਅਨੁਭਵ ਇਤਿਹਾਸ ‘ਚ ਦਰਜ ਕੀਤੇ ਹਨ, ‘ਮੈਨੂੰ ਇਹ ਵੇਖ ਕੇ ਤਸੱਲੀ ਮਿਲੀ ਹੈ ਕਿ ਦੁਨੀਆ ਵਿਚ ਕਿਧਰੇ ਤਾਂ ਕੋਈ ਐਸਾ ਕੇਂਦਰ ਮੌਜੂਦ ਹੈ, ਜਿੱਥੇ ਹਰ ਧਰਮ ਦੇ ਪ੍ਰਾਣੀ ਦੀ ਪਛਾਣ ਇਹੀ ਹੈ ਕਿ ਉਹ ਅਕਾਲ ਪੁਰਖ ਦੀ ਸੰਤਾਨ ਹੈ ਅਤੇ ਪੂਰੇ ਸਵੈਮਾਣ ਤੇ ਆਜ਼ਾਦੀ ਨਾਲ ਜੀਣ ਦਾ ਉਸ ਨੂੰ ਪੂਰਾ ਪੂਰਾ ਹੱਕ ਹੈ।’
ਨਿਰਸੰਦੇਹ ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਅਤੇ ਮਹੱਤਤਾ ਉਸ ਦੀ ਸਿਰਜਣਾ ਦੇ ਇਤਿਹਾਸਕ ਅਤੇ ਅਧਿਆਤਮਕ ਮਹਾਤਮ ਅਤੇ ਉਥੇ ਹਰ ਵੇਲੇ ਗਾਇਨ ਹੁੰਦੇ ਪਰਮਾਤਮਾ ਦੀ ਸਿਫਤ-ਸਾਲਾਹ ਦੇ ਜਸ ਕਰਕੇ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਸੁੰਦਰ ਸੁਨਹਿਰੀ ਇਮਾਰਤ ਸ਼ੋਭਾ ਪਾਉਂਦੀ ਹੈ, ਉਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਸਤਿਕਾਰ ਸੀ। ਮਹਾਰਾਜਾ ਜਦੋਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਤਾਂ ਉਹ ਆਪਣੇ ਸ਼ਾਹੀ ਲਾਮ-ਲਸ਼ਕਰ ਨੂੰ ਅੰਮ੍ਰਿਤਸਰ ਦੀ ਹੱਦ ਤੋਂ ਬਾਹਰ ਹੀ ਛੱਡ ਕੇ ਨੰਗੇ ਪੈਰੀਂ ਹੋ ਤੁਰਦਾ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵਾਪਸੀ ਵੇਲੇ ਕਦੇ ਵੀ ਸ੍ਰੀ ਹਰਿਮੰਦਰ ਸਾਹਿਬ ਵੱਲ ਪਿੱਠ ਕਰਕੇ ਨਹੀਂ ਸੀ ਮੁੜਦਾ। ਜਦੋਂ ਉਹ ਲਾਹੌਰ ਦੇ ਸ਼ਾਹੀ ਤਖ਼ਤ ‘ਤੇ ਬੈਠਦਾ ਤਾਂ ਉਸ ਦਾ ਮੂੰਹ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਵੱਲ ਹੀ ਹੁੰਦਾ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੈਠਣ ਲਈ ਕੁਰਸੀ ਹੀ ਅਜਿਹੀ ਬਣਵਾਈ ਹੋਈ ਸੀ ਕਿ ਉਹ ਜਿੱਥੇ ਵੀ ਹੁੰਦਾ, ਉਸ ਦਾ ਮੂੰਹ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਵੱਲ ਹੁੰਦਾ।
ਮਹਾਰਾਜਾ ਰਣਜੀਤ ਸਿੰਘ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਰਤਾਰੀ ਇਮਾਰਤ ‘ਤੇ ਸੋਨਾ ਲਗਵਾਉਣ ਕਾਰਨ ਭਾਵੇਂ ਅੱਜ ਵਿਸ਼ਵ ‘ਚ ਇਹ ਪਾਵਨ ਤੀਰਥ ‘ਗੋਲਡਨ ਟੈਂਪਲ’, ਜਾਂ ‘ਸਵਰਨ ਮੰਦਰ’ ਕਰਕੇ ਪਛਾਣਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ, ਪਰਮਾਰਥੀਆਂ ਲਈ ਇਸ ਧਰਤੀ ‘ਤੇ ‘ਸੱਚਖੰਡ’, ‘ਹਰੀ ਦਾ ਮੰਦਰ’, ‘ਅਕਾਲ ਪੁਰਖ ਦਾ ਘਰ’ ਅਤੇ ‘ਅਧਿਆਤਮਕਤਾ ਦਾ ਸਾਗਰ’ ਹੈ, ਜਿੱਥੇ ਬੇਅੰਤ ਆਤਮ ਜਗਿਆਸੂ ਆਪਣੇ ਆਤਮਕ ਵਿਗਾਸ ਲਈ ਅਕਾਲੀ ਬਾਣੀ ਦੇ ਅੰਮ੍ਰਿਤ ਸਰੋਵਰ ਵਿਚ ਸੁਰਤ ਤੇ ਸਰੀਰ ਕਰਕੇ ਚੁੱਭੀਆਂ ਮਾਰਨ ਲਈ ਆਉਂਦੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਮ ਦਿਨਾਂ ‘ਚ ਰੋਜ਼ਾਨਾ ਇਕ ਲੱਖ ਤੋਂ ਵੱਧ ਅਤੇ ਐਤਵਾਰ ਜਾਂ ਦਿਨ-ਤਿਓਹਾਰਾਂ ਦੇ ਦਿਨਾਂ ‘ਚ ਰੋਜ਼ਾਨਾ ਪੰਜ ਲੱਖ ਦੇ ਲਗਭਗ ਯਾਤਰੂ ਆਉਂਦੇ ਹਨ। ਇੱਥੇ ਦਿਨ-ਰਾਤ ਸ਼ਰਧਾਲੂ-ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੁੜਿਆ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਰੱਬੀ ਅਸਥਾਨ ‘ਤੇ ਆਉਣ ਵਾਲੇ ਯਾਤਰੂਆਂ ਵਿਚ ਨਿਰੋਲ ਸੈਰ-ਸਪਾਟਾ ਬਿਰਤੀ ਵਾਲੇ ਯਾਤਰੂਆਂ ਦੀ ਆਮਦ ਕਾਫ਼ੀ ਵਧੀ ਹੈ।
ਸੈਰ-ਸਪਾਟਾ ਦੀ ਬਿਰਤੀ ਨਾਲ ਆਉਂਦੇ ਯਾਤਰੂ ਇਸ ਬੈਕੁੰਠ ਧਾਮ ਦੀ ਅਧਿਆਤਮਕ ਮਹੱਤਤਾ ਅਤੇ ਧਾਰਮਿਕ ਮਰਯਾਦਾ ਦਾ ਪਤਾ ਨਾ ਹੋਣ ਕਾਰਨ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਆਪਸ ਵਿਚ ਉੱਚੀ-ਉੱਚੀ ਗੱਲਾਂ ਕਰਨ ਲੱਗ ਪੈਂਦੇ ਹਨ। ਕਈ ਯਾਤਰੂ ਕਿਤੇ ਪਰਕਰਮਾ ਦੇ ਰਸਤੇ ‘ਚ ਇਕੱਠੇ ਹੋ ਕੇ, ਕਿਤੇ ਸਰੋਵਰ ਕੰਢੇ ਖੜ੍ਹੇ ਹੋ ਕੇ, ਕਿਤੇ ਸੱਚਖੰਡ ਭਵਨ ਵੱਲ ਪਿੱਠ ਕਰਕੇ ਵੰਨ-ਸੁਵੰਨੇ ਪੋਜ਼ ਬਣਾ ਕੇ ਫੋਟੋਆਂ ਖਿੱਚਦੇ ਅਤੇ ਵੀਡੀਓਗ੍ਰਾਫ਼ੀ ਕਰਦੇ ਹਨ। ਫੋਟੋਆਂ ਤੇ ਸੈਲਫ਼ੀਆਂ ਲੈਂਦੇ ਯਾਤਰੂਆਂ ਕਾਰਨ ਜਿੱਥੇ ਅਧਿਆਤਮਕਤਾ ਦੀ ਨਿਰੰਤਰਤਾ ਅਤੇ ਅਗੰਮੀ ਸਹਿਜ ਵਾਲੇ ਮਾਹੌਲ ਵਿਚ ਵਿਘਨ ਪੈਂਦਾ ਹੈ ਉਥੇ ਰੂਹਾਨੀਅਤ ਦੇ ਮਾਹੌਲ ‘ਚ ਰੰਗੇ ਆਤਮ ਜਗਿਆਸੂਆਂ ਦੀ ਬਿਰਤੀ ਵੀ ਖੰਡਤ ਹੁੰਦੀ ਹੈ। ਦਰਸ਼ਨਾਂ ਲਈ ਜਾਣ ਵੇਲੇ ਸ਼ਰਧਾਲੂਆਂ ਦੇ ਲਾਂਘੇ ‘ਚ ਵੀ ਵਿਘਨ ਪੈਂਦਾ ਹੈ। ਇੱਥੋਂ ਤੱਕ ਕਿ ਦਰਸ਼ਨੀ ਡਿਓਢੀ ਤੋਂ ਅੱਗੇ ਪੁਲ ਦੇ ਉੱਤੇ ਕਤਾਰਾਂ ਵਿਚ ਲੱਗ ਕੇ ਮੱਥਾ ਟੇਕਣ ਜਾ ਰਹੇ ਯਾਤਰੂਆਂ ਵਿਚੋਂ ਵੀ ਕਈ ਵਾਰ ਬਹੁਤ ਸਾਰੇ ਸ਼ਰਧਾਲੂ ਸੁਰਤ ਨੂੰ ਧਿਆਨ ਵਿਚ ਟਿਕਾ ਕੇ ‘ਸੁਲੱਖਣੀ ਘੜੀ’ ਨੂੰ ਮਾਨਣ ਦੀ ਬਜਾਇ ਹੱਥਾਂ ਵਿਚ ਮੋਬਾਇਲ ਫੋਨ ਫੜੀ ਫੇਸਬੁਕ ਲਾਈਵ ਹੋ ਕੇ ‘ਹੋਛਾ ਮਨੋਰੰਜਨ’ ਕਰਦੇ ਵੇਖੇ ਜਾਂਦੇ ਹਨ, ਜਿਸ ਨਾਲ ਇਸ ਪਾਵਨ-ਪਵਿੱਤਰ ਅਸਥਾਨ ਦੀ ਰੂਹਾਨੀ ਵਿਸ਼ੇਸ਼ਤਾ, ਪਵਿੱਤਰ ਵਾਤਾਵਰਨ ਅਤੇ ਦੈਵੀ ਆਭਾ ਨੂੰ ਠੇਸ ਪਹੁੰਚਦੀ ਹੈ।
ਹਾਲਾਂਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ‘ਚ ਪ੍ਰਵੇਸ਼ ਕਰਦਿਆਂ ‘ਫੋਟੋ ਖਿੱਚਣ ਦੀ ਮਨਾਹੀ’ ਅਤੇ ‘ਗੱਲਾਂ ਕਰਨ ਦੀ ਮਨਾਹੀ’ ਦੇ ਦੋ ਸੂਚਨਾ ਬੋਰਡ ਸਾਨੂੰ ਹਮੇਸ਼ਾ ਨਜ਼ਰ ਆਉਂਦੇ ਹਨ ਪਰ ਜਦੋਂ ਤੋਂ ਮੋਬਾਇਲ ਫੋਨ ਆਏ, ਪਰਕਰਮਾ ਤੋਂ ਲੈ ਕੇ ਸੱਚਖੰਡ ਸਾਹਿਬ ਦੇ ਧੁਰ ਅੰਦਰ ਤੱਕ ਜਾ ਕੇ ਯਾਤਰੂ ਕੰਨਾਂ ਨਾਲ ਮੋਬਾਇਲ ਫੋਨ ਲਾਈ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਜੇਕਰ ਕੋਈ ਸੇਵਾਦਾਰ ਕਿਸੇ ਸ਼ਰਧਾਲੂ ਨੂੰ ਅਜਿਹਾ ਕਰਨ ਤੋਂ ਰੋਕਦਾ ਤਾਂ ਕਈ ਵਾਰ ਸ਼ਰਧਾਲੂ ਝਗੜਾ ਕਰਨ ਤੱਕ ਵੀ ਜਾਂਦੇ ਹਨ। ਅਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਮਿਲਣ ਜਾਈਏ ਤਾਂ ਸਾਨੂੰ ਉਸ ਦੇ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਆਪਣਾ ਮੋਬਾਇਲ ਫ਼ੋਨ ਬੰਦ ਕਰਨਾ ਪੈਂਦਾ ਹੈ ਪਰ ਕਿੱਡੀ ਅਜੀਬ ਗੱਲ ਹੈ ਕਿ ਜਿਸ ਅਸਥਾਨ ਨੂੰ ਅਸੀਂ ‘ਸੱਚੇ ਪਾਤਿਸ਼ਾਹ ਦਾ ਦਰ’, ‘ਇਸ ਧਰਤੀ ‘ਤੇ ਸੱਚਖੰਡ’ ਮੰਨਦੇ ਹਾਂ ਉਥੇ ਜਾਣ ਲੱਗਿਆਂ ਅਸੀਂ ਮਰਯਾਦਾ ਦੀ ਪਾਲਣਾ ਜ਼ਰੂਰੀ ਨਹੀਂ ਸਮਝਦੇ। ਕਈ ਵਾਰ ਤਾਂ ਅਜਿਹਾ ਵੀ ਵੇਖਣ ਵਿਚ ਆਉਂਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰੱਬੀ ਬਾਣੀ ਦੇ ਚੱਲ ਰਹੇ ਕੀਰਤਨ ਜਾਂ ਅਰਦਾਸ ਦੌਰਾਨ ਕਿਸੇ ਇਕ ਯਾਤਰੂ ਦੇ ਫੋਨ ਦੀ ਵੱਜ ਰਹੀ ਘੰਟੀ ਸਾਰਿਆਂ ਦੀਆਂ ਸੁਰਤੀਆਂ-ਬਿਰਤੀਆਂ ਭੰਗ ਕਰ ਦਿੰਦੀ ਹੈ। ਅਜਿਹੇ ਰੁਝਾਨ ਵਧਣ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਵਾਤਾਵਰਨ ਅਤੇ ਮਰਯਾਦਾ ਪ੍ਰਭਾਵਿਤ ਹੋਣ ਕਾਰਨ ਗੁਰੂ-ਘਰ ਦੇ ਸ਼ਰਧਾਵਾਨ ਪ੍ਰੇਮੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਰਹੀ ਹੈ। ਇਸ ਸਬੰਧੀ ਗਾਹੇ-ਬਗਾਹੇ ਗੁਰੂ-ਘਰ ਦੇ ਅਨੇਕਾਂ ਪ੍ਰੇਮੀ ਪ੍ਰਬੰਧਕਾਂ ਕੋਲ ਵੀ ਸ਼ਿਕਾਇਤਾਂ ਕਰਦੇ ਰਹੇ ਹਨ।
ਲੱਖਾਂ ਦੀ ਗਿਣਤੀ ‘ਚ ਯਾਤਰੂਆਂ ਦੀ ਆਮਦ ਮੌਕੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਮਰਯਾਦਾ ਨੂੰ ਵੀ ਬਹਾਲ ਰੱਖਣਾ ਅਤੇ ਯਾਤਰੂਆਂ ਦੀ ਸਹੂਲਤ ਦਾ ਵੀ ਖ਼ਿਆਲ ਰੱਖਣਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਲਈ ਇਕ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ।
ਸੋ, ਸਾਨੂੰ ਵੀ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਹਰ ਅਸਥਾਨ ਦੀ ਆਪਣੀ ਮਹੱਤਤਾ ਹੁੰਦੀ ਹੈ, ਜਿਸ ਨੂੰ ਕਾਇਮ ਰੱਖਣ ਲਈ ਉਥੇ ਦੀ ਆਪਣੀ ਵਿਸ਼ੇਸ਼ ਮਰਯਾਦਾ ਹੁੰਦੀ ਹੈ। ਸਾਨੂੰ ਉੱਥੇ ਜਾਣ ਲੱਗਿਆਂ ਉਸ ਮਰਯਾਦਾ ਦੀ ਪਾਲਣਾ ਕਰਨੀ ਪੈਂਦੀ ਹੈ। ਇੱਥੋਂ ਤੱਕ ਕਿ ਪਾਰਲੀਮੈਂਟਾਂ, ਡੈਮਾਂ ਅਤੇ ਸੈਰ-ਸਪਾਟੇ ਦੀਆਂ ਮਹੱਤਵਪੂਰਨ ਥਾਵਾਂ ‘ਤੇ ਵੀ ਯਾਤਰਾ ਕਰਨ ਲਈ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਫ਼ੋਟੋਗ੍ਰਾਫ਼ੀ/ ਵੀਡੀਓਗ੍ਰਾਫ਼ੀ ‘ਤੇ ਵੀ ਪਾਬੰਦੀ ਹੁੰਦੀ ਹੈ। ਇਸੇ ਤਰ੍ਹਾਂ ਦੁਨੀਆ ਦਾ ਹਰੇਕ ਧਾਰਮਿਕ ਅਸਥਾਨ ਕਿਸੇ ਨਾ ਕਿਸੇ ਵਿਸ਼ੇਸ਼ਤਾ ਦਾ ਲਖਾਇਕ ਹੁੰਦਾ ਹੈ। ਉਸ ਵਿਸ਼ੇਸ਼ਤਾ ਨੂੰ ਬਹਾਲ ਰੱਖਣ ਲਈ ਉਥੇ ਦੀ ਵਿਸ਼ੇਸ਼ ਮਰਯਾਦਾ ਹੁੰਦੀ ਹੈ। ਕਈ ਧਰਮਾਂ ਦੇ ਅਸਥਾਨਾਂ ‘ਤੇ ਜਾਣ ਲੱਗਿਆਂ ਮੋਬਾਇਲ ਫ਼ੋਨ ਤੱਕ ਵੀ ਬਾਹਰ ਰਖਵਾ ਲਏ ਜਾਂਦੇ ਹਨ। ਇਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਧਰਤੀ ‘ਤੇ ‘ਬੈਕੁੰਠ’ ਹੈ, ‘ਅਧਿਆਤਮਕਤਾ ਦਾ ਮਹਾਂ-ਕੁੰਭ’ ਹੈ ਅਤੇ ਇੱਥੇ ਲੱਖਾਂ ਸ਼ਰਧਾਲੂ ਜਗਤ-ਜਲੰਦੇ ਦੇ ਕੂੜ-ਤਮਾਸ਼ਿਆਂ, ਸੰਸਾਰੀ ਜੀਵਨ ਦੇ ਝਮੇਲਿਆਂ ਅਤੇ ਚਿੰਤਾਵਾਂ ਤੋਂ ਮੁਕਤੀ ਪਾਉਣ ਲਈ ਆਉਂਦੇ ਹਨ। ਇੱਥੇ ਸਾਰੇ ਸੰਸਾਰ ਤੋਂ ਨਿਵੇਕਲਾ ਤੇ ਅਦੁੱਤੀ ਅਧਿਆਤਮਕ ਵਾਤਾਵਰਨ ਅਤੇ ਰੂਹਾਨੀ ਸਹਿਜ, ਗੁਰੂ ਸਾਹਿਬਾਨ ਦੁਆਰਾ ਨੀਯਤ ਕੀਤੀ ਹੋਈ ਸੈਂਕੜੇ ਸਾਲ ਤੋਂ ਚਲੀ ਆ ਰਹੀ ਇਸ ਪਾਵਨ ਅਸਥਾਨ ਦੀ ਵਿਸ਼ੇਸ਼ ਪਵਿੱਤਰ ਮਰਯਾਦਾ ਕਾਰਨ ਹੀ ਕਾਇਮ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਹਰੇਕ ਯਾਤਰੂ ਨੂੰ ਆਪਣੀ ਯਾਤਰਾ ਸੁਹਾਵਨੀ ਅਤੇ ਸਫਲ ਬਣਾਉਣ ਲਈ ਉੱਥੋਂ ਦੀ ਮਰਯਾਦਾ ਅਤੇ ਪ੍ਰਬੰਧਾਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਲੱਖਾਂ ਸ਼ਰਧਾਲੂਆਂ ਵਿਚੋਂ ਇਕੱਲੇ-ਇਕੱਲੇ ‘ਤੇ ਸੇਵਾਦਾਰਾਂ ਵਲੋਂ ਨਿਗਰਾਨੀ ਰੱਖਣਾ ਅਸੰਭਵ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆਂ ਸਾਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਨਿਰਮਲ ਤੇ ਪਵਿੱਤਰ ਜਲ ਦੇ ਐਨ ਵਿਚਕਾਰ ਸਜੀ ਸੁਨਹਿਰੀ ਚਮਕਦੀ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਕੰਵਲ ਦੇ ਫੁੱਲ ਵਾਂਗ ਸ਼ੋਭਾ ਪਾਉਂਦੀ ਹੈ ਅਤੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਵੀ ਇਸ ਸੰਸਾਰ ਅੰਦਰ ਰਹਿੰਦਿਆਂ ਕਮਲ ਦੇ ਫੁੱਲ ਵਾਂਗ ਨਿਰਲੇਪ, ਸਹਿਜ, ਸ਼ਾਂਤੀ, ਸੰਤੋਖ, ਪਵਿੱਤਰ ਅਤੇ ਆਪਣੇ ਮੂਲ ਨਾਲ ਸੁਰਤ-ਲੀਨ ਰਹਿਣ ਦਾ ਸੁਨੇਹਾ ਦਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵੇਲੇ ਸਾਨੂੰ ਸੰਸਾਰੀ ਚੰਚਲ ਬਿਰਤੀਆਂ ਅਤੇ ਮਨੋਰੰਜਕ ਸੁਭਾਅ ਨੂੰ ਪਰਕਰਮਾ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਛੱਡ ਕੇ ਜਾਣਾ ਚਾਹੀਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਗੁਰੂ-ਘਰ ਵਿਚ ਬਰਾਬਰਤਾ ਦੇ ਸਿਧਾਂਤ ਅਨੁਸਾਰ ਹਰੇਕ ਮਰਯਾਦਾ ਨੂੰ ਸਾਰਿਆਂ ‘ਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਯਾਤਰੂਆਂ ਨੂੰ ਵੀ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਅਹਿਸਾਸ ਨਾ ਹੋਵੇ। ਵਿਦੇਸ਼ੀ ਯਾਤਰੂਆਂ ਅਤੇ ਜਗਿਆਸੂਆਂ ਨੂੰ ਇਸ ਪਾਵਨ ਅਸਥਾਨ ਦੀ ਅਧਿਆਤਮਕ ਮਹੱਤਤਾ ਅਤੇ ਰੂਹਾਨੀ ਆਭਾ ਬਾਰੇ ਜਾਣਕਾਰੀ ਦੇਣ ਅਤੇ ਮਰਯਾਦਾ ਬਾਰੇ ਸਮਝਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਵੀ ਯੋਗ ਪ੍ਰਬੰਧ ਕਰਨਗੇ ਚਾਹੀਦੇ ਹਨ, ਤਾਂ ਜੋ ਹਰੇਕ ਸ਼ਰਧਾਲੂ ਪਰਕਰਮਾ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਇਸ ਪਾਵਨ-ਪਵਿੱਤਰ ਅਸਥਾਨ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਹੁੰਦਿਆਂ ਮਰਯਾਦਾ ‘ਚ ਰਹਿ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦਾ ਪੂਰਾ-ਪੂਰਾ ਲਾਹਾ ਲੈ ਸਕੇ।
ਫੋਨ: 98780-70008.