ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵੇਲੇ
ਮਰਯਾਦਾ ਦੀ ਪਾਲਣਾ ਕਰਨਾ ਸ਼ਰਧਾਲੂਆਂ ਦੀ ਵੀ ਹੈ ਜ਼ਿੰਮੇਵਾਰੀ
ਤਲਵਿੰਦਰ ਸਿੰਘ ਬੁੱਟਰ
ਪੰਜਾਬ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਲਿਖਦੇ ਹਨ, ‘ਅੰਮ੍ਰਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉਤੇ ਸੰਭਲ-ਸੰਭਲ ਕੇ ਕਦਮ ਰੱਖੋ। ਹਰ ਇਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ।’ ਬਿਨਾਂ ਸ਼ੱਕ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ‘ਚ ਚਾਰ ਦਰਵਾਜ਼ੇ ਬਣਾ ਕੇ ਗੁਰੂ ਸਾਹਿਬਾਨ ਨੇ ਇਸ ਨੂੰ ਦੁਨੀਆ ਦਾ ਇਕੋ-ਇਕ ਸਰਬ-ਸਾਂਝਾ ਮਹਾਂ-ਤੀਰਥ ਹੋਣ ਦਾ ਮਾਣ ਦਿੱਤਾ ਹੈ ਪਰ ਜਿਵੇਂ ਮੁਸਲਮਾਨ ਲਈ ‘ਮੱਕੇ ਤੋਂ ਪਰੇ ਉਜਾੜ’ ਹੈ, ਜਿਵੇਂ ਹਿੰਦੂ ਦੀ ਮੁਕਤੀ ‘ਹਰਿਦੁਆਰ’ ਤੋਂ ਬਿਨਾਂ ਨਹੀਂ ਹੋ ਸਕਦੀ ਅਤੇ ਜਿਵੇਂ ਇਸਾਈਆਂ ਲਈ ‘ਵੈਟੀਕਨ ਸਿਟੀ’ ਪਵਿੱਤਰ ਹੈ, ਉਵੇਂ ‘ਸ੍ਰੀ ਹਰਿਮੰਦਰ ਸਾਹਿਬ’ ਤੋਂ ਬਿਨਾਂ ਸਿੱਖ ਅਧੂਰਾ ਹੈ, ਨਿਰਜਿੰਦ ਹੈ। ਸਿੱਖ ਰੋਜ਼ਾਨਾ ਅਰਦਾਸ ਵਿਚ ‘ਹਰਿਮੰਦਰ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ’ ਮੰਗਦਾ ਹੈ। ਸ੍ਰੀ ਹਰਿਮੰਦਰ ਸਾਹਿਬ ‘ਸ਼ਮ੍ਹਾ’ ਹੈ ਤੇ ਸਿੱਖ ‘ਪਰਵਾਨਾ’ ਹੈ, ਜਿਸ ਦਾ ਜੀਵਨ ਹੀ ਸ਼ਮ੍ਹਾ ‘ਤੇ ਕੁਰਬਾਨ ਹੋਣ ਲਈ ਹੈ। ਇਸ ਅਬਦੀ ਰਿਸ਼ਤੇ ਕਾਰਨ ਹੀ ਸਿੱਖ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਦੀ ਆਨ, ਬਾਨ ਅਤੇ ਸ਼ਾਨ ਲਈ ਸ਼ਹੀਦੀਆਂ ਪਾਉਂਦੇ ਆਏ ਹਨ।
‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੇ ਅੰਦਰ ਬੈਠਾ ‘ਧੁਰ ਕੀ ਬਾਣੀ’ ਦੇ ਅਖੰਡ ਕੀਰਤਨ ‘ਚ ਸੁਰਤ-ਲੀਨ ਹੋਇਆ ਮਨੁੱਖ ਜਦੋਂ ਬਾਹਰ ਸਰੋਵਰ ਵੱਲ ਝਾਤੀ ਮਾਰਦਾ ਹੈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਇਕ ਜਹਾਜ਼ ‘ਚ ਬੈਠਾ ਹੋਵੇ, ਜੋ ਸਮੁੰਦਰ ‘ਚ ਲਹਿਰਾਂ ਨੂੰ ਚੀਰਦਾ ਹੋਇਆ ਮੱਠਾ-ਮੱਠਾ ਝੂਲਦਿਆਂ ਅੱਗੇ ਵੱਧ ਰਿਹਾ ਹੋਵੇ। ਇਸੇ ਅਨੂਠੇ ਅਨੁਭਵ ਕਾਰਨ ਸਿੱਖ ਅਵਚੇਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ‘ਭਵ ਸਾਗਰ ਦਾ ਬੋਹਿਥ’ ਮੰਨਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੁਨੀਆ ‘ਤੇ ਇਕੋ-ਇਕ ਅਜਿਹਾ ਧਾਰਮਿਕ ਅਸਥਾਨ ਹੈ, ਜਿੱਥੇ ਹਰ ਵੇਲੇ ਸਿਰਫ਼ ਪਰਮਾਤਮਾ ਦੀ ‘ਸਿਫ਼ਤ-ਸਾਲਾਹ’ ਦਾ ਜਸ ਹੀ ਗਾਇਆ ਜਾਂਦਾ ਹੈ। ਇਸੇ ਕਾਰਨ ਹੀ ਇਸ ਨੂੰ ‘ਸੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਆਖਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਲਾਸਾਨੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਉਪਮਾ ”ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥” ਆਖ ਕੇ ਕੀਤੀ ਹੈ।
ਜਦੋਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਰਕਰਮਾ ਵਿਚ ਪ੍ਰਵੇਸ਼ ਕਰਦਿਆਂ ਸਮਰਪਿਤ ਹੋ ਕੇ ਸੀਸ ਝੁਕਾਉਂਦਾ ਹੈ ਤਾਂ ਮਲੀਨ ਤੋਂ ਮਲੀਨ ਆਤਮਾਵਾਂ ਵੀ ਪਵਿੱਤਰਤਾ, ਨੇਕੀ, ਸੇਵਾ, ਸਚਿਆਈ ਅਤੇ ਨਰੋਏਪਨ ਦੇ ਜਜ਼ਬੇ ਨਾਲ ਵਿਸਮਾਦਤ ਹੋ ਜਾਂਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰਲਾ ਅਧਿਆਤਮਕ ਮਾਹੌਲ ਉੱਤਮ ਸੁਹਜ ਅਤੇ ਆਤਮਕ ਖੇੜੇ ਨੂੰ ਉਭਾਰਦਾ ਹੈ ਅਤੇ ਸੱਖਣਾ ਮਨੁੱਖ ਵੀ ਬਖ਼ਸ਼ਿਸ਼ਾਂ ਨਾਲ ਆਪਣੀਆਂ ਝੋਲੀਆਂ ਭਰ ਕੇ ਮੁੜਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੇ ਅੰਦਰ ਵਿਚਰਦਿਆਂ ਮਨੁੱਖ ਨੂੰ ਬਾਹਰੀ ਸੰਸਾਰ ਅਤੇ ਮਨ ਦੀਆਂ ਚੰਚਲ ਬਿਰਤੀਆਂ ਦਾ ਬਿਲਕੁਲ ਖ਼ਿਆਲ ਭੁੱਲ ਜਾਂਦਾ ਹੈ ਅਤੇ ਮਨੁੱਖ ਇਕ ਵੱਖਰੇ ਹੀ ਸੰਸਾਰ ‘ਚ ਵਿਚਰਦਾ ਮਹਿਸੂਸ ਕਰਦਾ ਹੈ। ਤੁਹਾਨੂੰ ਉਥੇ ਵਿਚਰ ਰਿਹਾ ਹਰ ਮਨੁੱਖ ਕਿਸੇ ਦੇਵ ਲੋਕ ਦਾ ਵਾਸੀ ਜਾਪੇਗਾ। ਕੋਈ ਸਰੋਵਰ ‘ਚ ਇਸ਼ਨਾਨ ਕਰ ਰਿਹਾ ਹੈ, ਕੋਈ ਪਰਕਰਮਾ ਕਰ ਰਿਹਾ ਹੈ, ਕੋਈ ਕੀਰਤਨ ਸਰਵਣ ਕਰ ਰਿਹਾ ਹੈ, ਕੋਈ ਹੱਥ ‘ਚ ਗੁਟਕਾ ਸਾਹਿਬ ਫੜ ਕੇ ਗੁਰਬਾਣੀ ਪੜ੍ਹ ਰਿਹਾ ਹੈ ਅਤੇ ਕੋਈ ਪਵਿੱਤਰ ਪਰਕਰਮਾ ਦੇ ਕਿਸੇ ਕੋਨੇ ਵਿਚ ਆਪਣੇ ਢੰਗ ਨਾਲ ਆਤਮ-ਚਿੰਤਨ ਵਿਚ ਸੁਰਤ-ਲੀਨ ਹੋਈ ਬੈਠਾ ਹੈ। ਸੇਵਾ ਕਰਨ ਵਾਲੇ ਪ੍ਰੇਮੀ ਆਪਣੇ ਰੰਗ ਵਿਚ ਰੰਗੇ ਦਿਖਾਈ ਦਿੰਦੇ ਹਨ। ਇਕ ਅੰਗਰੇਜ਼ ਇਤਿਹਾਸਕਾਰ ਮਾਈਕਲ ਐਡਵਰਡਜ਼ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਅਨੁਭਵ ਇਤਿਹਾਸ ‘ਚ ਦਰਜ ਕੀਤੇ ਹਨ, ‘ਮੈਨੂੰ ਇਹ ਵੇਖ ਕੇ ਤਸੱਲੀ ਮਿਲੀ ਹੈ ਕਿ ਦੁਨੀਆ ਵਿਚ ਕਿਧਰੇ ਤਾਂ ਕੋਈ ਐਸਾ ਕੇਂਦਰ ਮੌਜੂਦ ਹੈ, ਜਿੱਥੇ ਹਰ ਧਰਮ ਦੇ ਪ੍ਰਾਣੀ ਦੀ ਪਛਾਣ ਇਹੀ ਹੈ ਕਿ ਉਹ ਅਕਾਲ ਪੁਰਖ ਦੀ ਸੰਤਾਨ ਹੈ ਅਤੇ ਪੂਰੇ ਸਵੈਮਾਣ ਤੇ ਆਜ਼ਾਦੀ ਨਾਲ ਜੀਣ ਦਾ ਉਸ ਨੂੰ ਪੂਰਾ ਪੂਰਾ ਹੱਕ ਹੈ।’
ਨਿਰਸੰਦੇਹ ਸ੍ਰੀ ਹਰਿਮੰਦਰ ਸਾਹਿਬ ਦੀ ਆਭਾ ਅਤੇ ਮਹੱਤਤਾ ਉਸ ਦੀ ਸਿਰਜਣਾ ਦੇ ਇਤਿਹਾਸਕ ਅਤੇ ਅਧਿਆਤਮਕ ਮਹਾਤਮ ਅਤੇ ਉਥੇ ਹਰ ਵੇਲੇ ਗਾਇਨ ਹੁੰਦੇ ਪਰਮਾਤਮਾ ਦੀ ਸਿਫਤ-ਸਾਲਾਹ ਦੇ ਜਸ ਕਰਕੇ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਸੁੰਦਰ ਸੁਨਹਿਰੀ ਇਮਾਰਤ ਸ਼ੋਭਾ ਪਾਉਂਦੀ ਹੈ, ਉਸ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਸਤਿਕਾਰ ਸੀ। ਮਹਾਰਾਜਾ ਜਦੋਂ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਤਾਂ ਉਹ ਆਪਣੇ ਸ਼ਾਹੀ ਲਾਮ-ਲਸ਼ਕਰ ਨੂੰ ਅੰਮ੍ਰਿਤਸਰ ਦੀ ਹੱਦ ਤੋਂ ਬਾਹਰ ਹੀ ਛੱਡ ਕੇ ਨੰਗੇ ਪੈਰੀਂ ਹੋ ਤੁਰਦਾ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵਾਪਸੀ ਵੇਲੇ ਕਦੇ ਵੀ ਸ੍ਰੀ ਹਰਿਮੰਦਰ ਸਾਹਿਬ ਵੱਲ ਪਿੱਠ ਕਰਕੇ ਨਹੀਂ ਸੀ ਮੁੜਦਾ। ਜਦੋਂ ਉਹ ਲਾਹੌਰ ਦੇ ਸ਼ਾਹੀ ਤਖ਼ਤ ‘ਤੇ ਬੈਠਦਾ ਤਾਂ ਉਸ ਦਾ ਮੂੰਹ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਵੱਲ ਹੀ ਹੁੰਦਾ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬੈਠਣ ਲਈ ਕੁਰਸੀ ਹੀ ਅਜਿਹੀ ਬਣਵਾਈ ਹੋਈ ਸੀ ਕਿ ਉਹ ਜਿੱਥੇ ਵੀ ਹੁੰਦਾ, ਉਸ ਦਾ ਮੂੰਹ ਹਮੇਸ਼ਾ ਸ੍ਰੀ ਹਰਿਮੰਦਰ ਸਾਹਿਬ ਵੱਲ ਹੁੰਦਾ।
ਮਹਾਰਾਜਾ ਰਣਜੀਤ ਸਿੰਘ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕਰਤਾਰੀ ਇਮਾਰਤ ‘ਤੇ ਸੋਨਾ ਲਗਵਾਉਣ ਕਾਰਨ ਭਾਵੇਂ ਅੱਜ ਵਿਸ਼ਵ ‘ਚ ਇਹ ਪਾਵਨ ਤੀਰਥ ‘ਗੋਲਡਨ ਟੈਂਪਲ’, ਜਾਂ ‘ਸਵਰਨ ਮੰਦਰ’ ਕਰਕੇ ਪਛਾਣਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ, ਪਰਮਾਰਥੀਆਂ ਲਈ ਇਸ ਧਰਤੀ ‘ਤੇ ‘ਸੱਚਖੰਡ’, ‘ਹਰੀ ਦਾ ਮੰਦਰ’, ‘ਅਕਾਲ ਪੁਰਖ ਦਾ ਘਰ’ ਅਤੇ ‘ਅਧਿਆਤਮਕਤਾ ਦਾ ਸਾਗਰ’ ਹੈ, ਜਿੱਥੇ ਬੇਅੰਤ ਆਤਮ ਜਗਿਆਸੂ ਆਪਣੇ ਆਤਮਕ ਵਿਗਾਸ ਲਈ ਅਕਾਲੀ ਬਾਣੀ ਦੇ ਅੰਮ੍ਰਿਤ ਸਰੋਵਰ ਵਿਚ ਸੁਰਤ ਤੇ ਸਰੀਰ ਕਰਕੇ ਚੁੱਭੀਆਂ ਮਾਰਨ ਲਈ ਆਉਂਦੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਮ ਦਿਨਾਂ ‘ਚ ਰੋਜ਼ਾਨਾ ਇਕ ਲੱਖ ਤੋਂ ਵੱਧ ਅਤੇ ਐਤਵਾਰ ਜਾਂ ਦਿਨ-ਤਿਓਹਾਰਾਂ ਦੇ ਦਿਨਾਂ ‘ਚ ਰੋਜ਼ਾਨਾ ਪੰਜ ਲੱਖ ਦੇ ਲਗਭਗ ਯਾਤਰੂ ਆਉਂਦੇ ਹਨ। ਇੱਥੇ ਦਿਨ-ਰਾਤ ਸ਼ਰਧਾਲੂ-ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੁੜਿਆ ਰਹਿੰਦਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਰੱਬੀ ਅਸਥਾਨ ‘ਤੇ ਆਉਣ ਵਾਲੇ ਯਾਤਰੂਆਂ ਵਿਚ ਨਿਰੋਲ ਸੈਰ-ਸਪਾਟਾ ਬਿਰਤੀ ਵਾਲੇ ਯਾਤਰੂਆਂ ਦੀ ਆਮਦ ਕਾਫ਼ੀ ਵਧੀ ਹੈ।
ਸੈਰ-ਸਪਾਟਾ ਦੀ ਬਿਰਤੀ ਨਾਲ ਆਉਂਦੇ ਯਾਤਰੂ ਇਸ ਬੈਕੁੰਠ ਧਾਮ ਦੀ ਅਧਿਆਤਮਕ ਮਹੱਤਤਾ ਅਤੇ ਧਾਰਮਿਕ ਮਰਯਾਦਾ ਦਾ ਪਤਾ ਨਾ ਹੋਣ ਕਾਰਨ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਆਪਸ ਵਿਚ ਉੱਚੀ-ਉੱਚੀ ਗੱਲਾਂ ਕਰਨ ਲੱਗ ਪੈਂਦੇ ਹਨ। ਕਈ ਯਾਤਰੂ ਕਿਤੇ ਪਰਕਰਮਾ ਦੇ ਰਸਤੇ ‘ਚ ਇਕੱਠੇ ਹੋ ਕੇ, ਕਿਤੇ ਸਰੋਵਰ ਕੰਢੇ ਖੜ੍ਹੇ ਹੋ ਕੇ, ਕਿਤੇ ਸੱਚਖੰਡ ਭਵਨ ਵੱਲ ਪਿੱਠ ਕਰਕੇ ਵੰਨ-ਸੁਵੰਨੇ ਪੋਜ਼ ਬਣਾ ਕੇ ਫੋਟੋਆਂ ਖਿੱਚਦੇ ਅਤੇ ਵੀਡੀਓਗ੍ਰਾਫ਼ੀ ਕਰਦੇ ਹਨ। ਫੋਟੋਆਂ ਤੇ ਸੈਲਫ਼ੀਆਂ ਲੈਂਦੇ ਯਾਤਰੂਆਂ ਕਾਰਨ ਜਿੱਥੇ ਅਧਿਆਤਮਕਤਾ ਦੀ ਨਿਰੰਤਰਤਾ ਅਤੇ ਅਗੰਮੀ ਸਹਿਜ ਵਾਲੇ ਮਾਹੌਲ ਵਿਚ ਵਿਘਨ ਪੈਂਦਾ ਹੈ ਉਥੇ ਰੂਹਾਨੀਅਤ ਦੇ ਮਾਹੌਲ ‘ਚ ਰੰਗੇ ਆਤਮ ਜਗਿਆਸੂਆਂ ਦੀ ਬਿਰਤੀ ਵੀ ਖੰਡਤ ਹੁੰਦੀ ਹੈ। ਦਰਸ਼ਨਾਂ ਲਈ ਜਾਣ ਵੇਲੇ ਸ਼ਰਧਾਲੂਆਂ ਦੇ ਲਾਂਘੇ ‘ਚ ਵੀ ਵਿਘਨ ਪੈਂਦਾ ਹੈ। ਇੱਥੋਂ ਤੱਕ ਕਿ ਦਰਸ਼ਨੀ ਡਿਓਢੀ ਤੋਂ ਅੱਗੇ ਪੁਲ ਦੇ ਉੱਤੇ ਕਤਾਰਾਂ ਵਿਚ ਲੱਗ ਕੇ ਮੱਥਾ ਟੇਕਣ ਜਾ ਰਹੇ ਯਾਤਰੂਆਂ ਵਿਚੋਂ ਵੀ ਕਈ ਵਾਰ ਬਹੁਤ ਸਾਰੇ ਸ਼ਰਧਾਲੂ ਸੁਰਤ ਨੂੰ ਧਿਆਨ ਵਿਚ ਟਿਕਾ ਕੇ ‘ਸੁਲੱਖਣੀ ਘੜੀ’ ਨੂੰ ਮਾਨਣ ਦੀ ਬਜਾਇ ਹੱਥਾਂ ਵਿਚ ਮੋਬਾਇਲ ਫੋਨ ਫੜੀ ਫੇਸਬੁਕ ਲਾਈਵ ਹੋ ਕੇ ‘ਹੋਛਾ ਮਨੋਰੰਜਨ’ ਕਰਦੇ ਵੇਖੇ ਜਾਂਦੇ ਹਨ, ਜਿਸ ਨਾਲ ਇਸ ਪਾਵਨ-ਪਵਿੱਤਰ ਅਸਥਾਨ ਦੀ ਰੂਹਾਨੀ ਵਿਸ਼ੇਸ਼ਤਾ, ਪਵਿੱਤਰ ਵਾਤਾਵਰਨ ਅਤੇ ਦੈਵੀ ਆਭਾ ਨੂੰ ਠੇਸ ਪਹੁੰਚਦੀ ਹੈ।
ਹਾਲਾਂਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ‘ਚ ਪ੍ਰਵੇਸ਼ ਕਰਦਿਆਂ ‘ਫੋਟੋ ਖਿੱਚਣ ਦੀ ਮਨਾਹੀ’ ਅਤੇ ‘ਗੱਲਾਂ ਕਰਨ ਦੀ ਮਨਾਹੀ’ ਦੇ ਦੋ ਸੂਚਨਾ ਬੋਰਡ ਸਾਨੂੰ ਹਮੇਸ਼ਾ ਨਜ਼ਰ ਆਉਂਦੇ ਹਨ ਪਰ ਜਦੋਂ ਤੋਂ ਮੋਬਾਇਲ ਫੋਨ ਆਏ, ਪਰਕਰਮਾ ਤੋਂ ਲੈ ਕੇ ਸੱਚਖੰਡ ਸਾਹਿਬ ਦੇ ਧੁਰ ਅੰਦਰ ਤੱਕ ਜਾ ਕੇ ਯਾਤਰੂ ਕੰਨਾਂ ਨਾਲ ਮੋਬਾਇਲ ਫੋਨ ਲਾਈ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਜੇਕਰ ਕੋਈ ਸੇਵਾਦਾਰ ਕਿਸੇ ਸ਼ਰਧਾਲੂ ਨੂੰ ਅਜਿਹਾ ਕਰਨ ਤੋਂ ਰੋਕਦਾ ਤਾਂ ਕਈ ਵਾਰ ਸ਼ਰਧਾਲੂ ਝਗੜਾ ਕਰਨ ਤੱਕ ਵੀ ਜਾਂਦੇ ਹਨ। ਅਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਮਿਲਣ ਜਾਈਏ ਤਾਂ ਸਾਨੂੰ ਉਸ ਦੇ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਆਪਣਾ ਮੋਬਾਇਲ ਫ਼ੋਨ ਬੰਦ ਕਰਨਾ ਪੈਂਦਾ ਹੈ ਪਰ ਕਿੱਡੀ ਅਜੀਬ ਗੱਲ ਹੈ ਕਿ ਜਿਸ ਅਸਥਾਨ ਨੂੰ ਅਸੀਂ ‘ਸੱਚੇ ਪਾਤਿਸ਼ਾਹ ਦਾ ਦਰ’, ‘ਇਸ ਧਰਤੀ ‘ਤੇ ਸੱਚਖੰਡ’ ਮੰਨਦੇ ਹਾਂ ਉਥੇ ਜਾਣ ਲੱਗਿਆਂ ਅਸੀਂ ਮਰਯਾਦਾ ਦੀ ਪਾਲਣਾ ਜ਼ਰੂਰੀ ਨਹੀਂ ਸਮਝਦੇ। ਕਈ ਵਾਰ ਤਾਂ ਅਜਿਹਾ ਵੀ ਵੇਖਣ ਵਿਚ ਆਉਂਦਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਰੱਬੀ ਬਾਣੀ ਦੇ ਚੱਲ ਰਹੇ ਕੀਰਤਨ ਜਾਂ ਅਰਦਾਸ ਦੌਰਾਨ ਕਿਸੇ ਇਕ ਯਾਤਰੂ ਦੇ ਫੋਨ ਦੀ ਵੱਜ ਰਹੀ ਘੰਟੀ ਸਾਰਿਆਂ ਦੀਆਂ ਸੁਰਤੀਆਂ-ਬਿਰਤੀਆਂ ਭੰਗ ਕਰ ਦਿੰਦੀ ਹੈ। ਅਜਿਹੇ ਰੁਝਾਨ ਵਧਣ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਵਾਤਾਵਰਨ ਅਤੇ ਮਰਯਾਦਾ ਪ੍ਰਭਾਵਿਤ ਹੋਣ ਕਾਰਨ ਗੁਰੂ-ਘਰ ਦੇ ਸ਼ਰਧਾਵਾਨ ਪ੍ਰੇਮੀਆਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਰਹੀ ਹੈ। ਇਸ ਸਬੰਧੀ ਗਾਹੇ-ਬਗਾਹੇ ਗੁਰੂ-ਘਰ ਦੇ ਅਨੇਕਾਂ ਪ੍ਰੇਮੀ ਪ੍ਰਬੰਧਕਾਂ ਕੋਲ ਵੀ ਸ਼ਿਕਾਇਤਾਂ ਕਰਦੇ ਰਹੇ ਹਨ।
ਲੱਖਾਂ ਦੀ ਗਿਣਤੀ ‘ਚ ਯਾਤਰੂਆਂ ਦੀ ਆਮਦ ਮੌਕੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਮਰਯਾਦਾ ਨੂੰ ਵੀ ਬਹਾਲ ਰੱਖਣਾ ਅਤੇ ਯਾਤਰੂਆਂ ਦੀ ਸਹੂਲਤ ਦਾ ਵੀ ਖ਼ਿਆਲ ਰੱਖਣਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਲਈ ਇਕ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ।
ਸੋ, ਸਾਨੂੰ ਵੀ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਹਰ ਅਸਥਾਨ ਦੀ ਆਪਣੀ ਮਹੱਤਤਾ ਹੁੰਦੀ ਹੈ, ਜਿਸ ਨੂੰ ਕਾਇਮ ਰੱਖਣ ਲਈ ਉਥੇ ਦੀ ਆਪਣੀ ਵਿਸ਼ੇਸ਼ ਮਰਯਾਦਾ ਹੁੰਦੀ ਹੈ। ਸਾਨੂੰ ਉੱਥੇ ਜਾਣ ਲੱਗਿਆਂ ਉਸ ਮਰਯਾਦਾ ਦੀ ਪਾਲਣਾ ਕਰਨੀ ਪੈਂਦੀ ਹੈ। ਇੱਥੋਂ ਤੱਕ ਕਿ ਪਾਰਲੀਮੈਂਟਾਂ, ਡੈਮਾਂ ਅਤੇ ਸੈਰ-ਸਪਾਟੇ ਦੀਆਂ ਮਹੱਤਵਪੂਰਨ ਥਾਵਾਂ ‘ਤੇ ਵੀ ਯਾਤਰਾ ਕਰਨ ਲਈ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਫ਼ੋਟੋਗ੍ਰਾਫ਼ੀ/ ਵੀਡੀਓਗ੍ਰਾਫ਼ੀ ‘ਤੇ ਵੀ ਪਾਬੰਦੀ ਹੁੰਦੀ ਹੈ। ਇਸੇ ਤਰ੍ਹਾਂ ਦੁਨੀਆ ਦਾ ਹਰੇਕ ਧਾਰਮਿਕ ਅਸਥਾਨ ਕਿਸੇ ਨਾ ਕਿਸੇ ਵਿਸ਼ੇਸ਼ਤਾ ਦਾ ਲਖਾਇਕ ਹੁੰਦਾ ਹੈ। ਉਸ ਵਿਸ਼ੇਸ਼ਤਾ ਨੂੰ ਬਹਾਲ ਰੱਖਣ ਲਈ ਉਥੇ ਦੀ ਵਿਸ਼ੇਸ਼ ਮਰਯਾਦਾ ਹੁੰਦੀ ਹੈ। ਕਈ ਧਰਮਾਂ ਦੇ ਅਸਥਾਨਾਂ ‘ਤੇ ਜਾਣ ਲੱਗਿਆਂ ਮੋਬਾਇਲ ਫ਼ੋਨ ਤੱਕ ਵੀ ਬਾਹਰ ਰਖਵਾ ਲਏ ਜਾਂਦੇ ਹਨ। ਇਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਧਰਤੀ ‘ਤੇ ‘ਬੈਕੁੰਠ’ ਹੈ, ‘ਅਧਿਆਤਮਕਤਾ ਦਾ ਮਹਾਂ-ਕੁੰਭ’ ਹੈ ਅਤੇ ਇੱਥੇ ਲੱਖਾਂ ਸ਼ਰਧਾਲੂ ਜਗਤ-ਜਲੰਦੇ ਦੇ ਕੂੜ-ਤਮਾਸ਼ਿਆਂ, ਸੰਸਾਰੀ ਜੀਵਨ ਦੇ ਝਮੇਲਿਆਂ ਅਤੇ ਚਿੰਤਾਵਾਂ ਤੋਂ ਮੁਕਤੀ ਪਾਉਣ ਲਈ ਆਉਂਦੇ ਹਨ। ਇੱਥੇ ਸਾਰੇ ਸੰਸਾਰ ਤੋਂ ਨਿਵੇਕਲਾ ਤੇ ਅਦੁੱਤੀ ਅਧਿਆਤਮਕ ਵਾਤਾਵਰਨ ਅਤੇ ਰੂਹਾਨੀ ਸਹਿਜ, ਗੁਰੂ ਸਾਹਿਬਾਨ ਦੁਆਰਾ ਨੀਯਤ ਕੀਤੀ ਹੋਈ ਸੈਂਕੜੇ ਸਾਲ ਤੋਂ ਚਲੀ ਆ ਰਹੀ ਇਸ ਪਾਵਨ ਅਸਥਾਨ ਦੀ ਵਿਸ਼ੇਸ਼ ਪਵਿੱਤਰ ਮਰਯਾਦਾ ਕਾਰਨ ਹੀ ਕਾਇਮ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਲੇ ਹਰੇਕ ਯਾਤਰੂ ਨੂੰ ਆਪਣੀ ਯਾਤਰਾ ਸੁਹਾਵਨੀ ਅਤੇ ਸਫਲ ਬਣਾਉਣ ਲਈ ਉੱਥੋਂ ਦੀ ਮਰਯਾਦਾ ਅਤੇ ਪ੍ਰਬੰਧਾਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ। ਲੱਖਾਂ ਸ਼ਰਧਾਲੂਆਂ ਵਿਚੋਂ ਇਕੱਲੇ-ਇਕੱਲੇ ‘ਤੇ ਸੇਵਾਦਾਰਾਂ ਵਲੋਂ ਨਿਗਰਾਨੀ ਰੱਖਣਾ ਅਸੰਭਵ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲੱਗਿਆਂ ਸਾਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਨਿਰਮਲ ਤੇ ਪਵਿੱਤਰ ਜਲ ਦੇ ਐਨ ਵਿਚਕਾਰ ਸਜੀ ਸੁਨਹਿਰੀ ਚਮਕਦੀ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਕੰਵਲ ਦੇ ਫੁੱਲ ਵਾਂਗ ਸ਼ੋਭਾ ਪਾਉਂਦੀ ਹੈ ਅਤੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਵੀ ਇਸ ਸੰਸਾਰ ਅੰਦਰ ਰਹਿੰਦਿਆਂ ਕਮਲ ਦੇ ਫੁੱਲ ਵਾਂਗ ਨਿਰਲੇਪ, ਸਹਿਜ, ਸ਼ਾਂਤੀ, ਸੰਤੋਖ, ਪਵਿੱਤਰ ਅਤੇ ਆਪਣੇ ਮੂਲ ਨਾਲ ਸੁਰਤ-ਲੀਨ ਰਹਿਣ ਦਾ ਸੁਨੇਹਾ ਦਿੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਵੇਲੇ ਸਾਨੂੰ ਸੰਸਾਰੀ ਚੰਚਲ ਬਿਰਤੀਆਂ ਅਤੇ ਮਨੋਰੰਜਕ ਸੁਭਾਅ ਨੂੰ ਪਰਕਰਮਾ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਛੱਡ ਕੇ ਜਾਣਾ ਚਾਹੀਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਗੁਰੂ-ਘਰ ਵਿਚ ਬਰਾਬਰਤਾ ਦੇ ਸਿਧਾਂਤ ਅਨੁਸਾਰ ਹਰੇਕ ਮਰਯਾਦਾ ਨੂੰ ਸਾਰਿਆਂ ‘ਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਯਾਤਰੂਆਂ ਨੂੰ ਵੀ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਅਹਿਸਾਸ ਨਾ ਹੋਵੇ। ਵਿਦੇਸ਼ੀ ਯਾਤਰੂਆਂ ਅਤੇ ਜਗਿਆਸੂਆਂ ਨੂੰ ਇਸ ਪਾਵਨ ਅਸਥਾਨ ਦੀ ਅਧਿਆਤਮਕ ਮਹੱਤਤਾ ਅਤੇ ਰੂਹਾਨੀ ਆਭਾ ਬਾਰੇ ਜਾਣਕਾਰੀ ਦੇਣ ਅਤੇ ਮਰਯਾਦਾ ਬਾਰੇ ਸਮਝਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਵੀ ਯੋਗ ਪ੍ਰਬੰਧ ਕਰਨਗੇ ਚਾਹੀਦੇ ਹਨ, ਤਾਂ ਜੋ ਹਰੇਕ ਸ਼ਰਧਾਲੂ ਪਰਕਰਮਾ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਇਸ ਪਾਵਨ-ਪਵਿੱਤਰ ਅਸਥਾਨ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਹੁੰਦਿਆਂ ਮਰਯਾਦਾ ‘ਚ ਰਹਿ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦਾ ਪੂਰਾ-ਪੂਰਾ ਲਾਹਾ ਲੈ ਸਕੇ।
ਫੋਨ: 98780-70008.
ਪੰਜਾਬ ਦੇ ਬਣੇ ਮੌਜੂਦਾ ਹਾਲਾਤ ਕੋਈ ਨਵੇਂ ਨਹੀਂ ਹਨ ਬਸ ਸਿੱਖ ਨੌਜਵਾਨ ਸਮਝ ਨਹੀਂ ਸਕੇ। ਸਿੱਖਾਂ ਨੂੰ ਇਹ ਭਰਮ ਸੀ ਕਿ ਸਟੇਟ ਪਹਿਲਾਂ ਵਾਲੀ ਗਲਤੀ ਕਦੇ ਨਹੀਂ ਕਰੇਗੀ। ਪਰ ਭਾਰਤੀ ਸਟੇਟ ਦੇ ਪੱਖੋਂ ਸੋਚਿਆ ਜਾਵੇ ਤਾਂ ਪੰਜਾਬ ਵਿੱਚ ਨੌਜਵਾਨਾਂ ਦੀ ਨਸਲਕੁਸ਼ੀ ਕਰਕੇ ਨਾ ਤਾਂ ਪਹਿਲਾਂ ਸਟੇਟ ਨੇ ਕੋਈ ਗਲਤੀ ਕੀਤੀ ਨਾ ਹੁਣ। ਭਾਰਤ ਇਹਨਾਂ ਨੂੰ ਆਪਣੀ ਪ੍ਰਾਪਤੀਆਂ ਮੰਨਦਾ ਹੈ। ਅੱਜ ਵੀ ਪੰਜਾਬ ਦੇ ਲੋਕਸਨ ਨੂੰ ਲਗਦਾ ਹੈ ਕਿ ਭਾਰਤੀ ਸਟੇਟ ਆਪਣੇ ਕੀਤੇ ‘ਤੇ ਪਛਤਾਵਾ ਪ੍ਰਗਟ ਕਰੇਗੀ ਪਰ ਇਸ ਤਰਾਂ ਕਦੇ ਨਹੀਂ ਹੋਣ ਵਾਲਾ। ਇਹ ਤਾਂ ਭਾਰਤੀ ਦਾਬੇ ਦੀ ਕੇਵਲ ਇੱਕ ਝਾਤ ਸੀ। ਸਟੇਟ ਨੌਜਵਾਨਾਂ ਨੂੰ ਪਰਖ ਰਹੀ ਸੀ ਕਿ ਬੋਧਿਕ ਪੱਖੋਂ ਸਿੱਖ ਨੌਜਵਾਨ ਅੱਜ ਕਿੱਥੇ ਖੜ੍ਹਾ। ਸਿੱਖਾਂ ਦਾ ਕੂਟਨੀਤਿਕ ਪੱਖ ਕੱਲ ਵੀ ਕੋਰਾ ਸੀ ਅੱਜ ਸੀ ਕੋਰਾ ਹੈ ਇਹ ਪੰਜਾਬ ਦੇ ਮੌਜੂਦਾ ਹਾਲਾਤਾਂ ਵਿੱਚ ਕੇਂਦਰ ਜਾਣ ਚੁੱਕੀ ਹੈ। ਪਰ ਹੁਣ ਕੀ ਕੀਤਾ ਜਾਵੇ ?
ਸਿੱਖ ਨੌਜਵਾਨਾਂ ਜਿਸ ਸ਼ੋਸ਼ਲ ਮੀਡੀਆਂ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਸਮਝਦੇ ਸੀ ਉਸ ਸ਼ੋਸ਼ਲ ਮੀਡੀਆਂ ਨੇ ਹੀ ਨੌਜਵਾਨਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ। ਸਭ ਤੋਂ ਪਹਿਲਾਂ ਤਾਂ ਸਿੱਖ ਨੌਜਵਾਨੀ ਸ਼ੋਸ਼ਲ ਮੀਡੀਆਂ ਤੋਂ ਹੱਟ ਕੇ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਪਵੇਗਾ। ਨੌਜਵਾਨਾਂ ਨੂੰ ਸਿਆਸਤ ਦੇ ਗੁਰ ਸਿੱਖਣੇ ਪੈਣਗੇ। ਨੌਜਵਾਨਾਂ ਨੂੰ ਆਪਣੀ ਅੰਦਰਲੀ ਕਾਹਲ ਨੂੰ ਖਤਮ ਕਰਨ ਲਈ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ। ਮੌਜੂਦਾ ਸਮੇਂ ਵਿੱਚ ਜਿੰਨਾ ਵੀ ਬਿਰਤਾਂਤ ਸਿਰਜਿਆ ਗਿਆ ਸੀ ਉਹ ਇੰਟਰਨੈੱਟ ‘ਤੇ ਹੀ ਸੀ ਅਤੇ ਇਸ ਪੂਰੇ ਘਟਨਾਕ੍ਰਮ ਹੋਣ ਦੇ ਬਾਵਜੂਦ ਵੀ ਉਹ ਬਿਰਤਾਂਤ ਜਮੀਨੀ ਪੱਧਰ ‘ਤੇ ਨਹੀਂ ਆ ਸਕਿਆ। ਜਿਸਦਾ ਕਾਰਨ ਜ਼ਮੀਨੀ ਪੱਧਰ ‘ਤੇ ਇਸ ਬਿਰਤਾਂਤ ਦਾ ਕੋਈ ਮੈਦਾਨ ਨਾ ਹੋਣਾ ਹੈ। ਇਹ ਨਹੀਂ ਕਿ ਮੌਜੂਦਾ ਸਮੇ ਵਿੱਚ ਸਿੱਖ ਨੌਜਵਾਨਾਂ ਦੇ ਮਨਾ ਅੰਦਰ ਗੰਭੀਰ ਚੇਤੰਨਤਾ ਪੈਦਾ ਨਹੀਂ ਹੋਈ। ਮੌਜੂਦਾ ਸਮੇ ਵਿੱਚ ਪੰਜਾਬ ਦਾ ਨੌਜਵਾਨ ਆਪਣੇ ਹੱਕ ਹਕੂਕ ਲਈ ਬਹੁਤ ਸੋਚ ਰਿਹਾ ਹੈ। ਪਰ ਉਸ ਸੋਚ ਨੂੰ ਠੋਸ ਕਰਕੇ ਕਿਸੇ ਸਾਚੇ ਵਿੱਚ ਨਹੀਂ ਢਾਲਿਆ ਜਾ ਰਿਹਾ। ਕਿਸੇ ਮਸਲੇ ਬਾਰੇ ਸੋਚਣਾ ਅਤੇ ਉਸ ਪ੍ਰਤੀ ਗੰਭੀਰ ਹੋਣਾ ਇਹਨਾਂ ਦੋਵਾਂ ਵਿੱਚ ਬਹੁਤ ਫਰਕ ਹੈ। ਗੰਭੀਰ ਹੋਣ ਤੋਂ ਅਗਲਾ ਕਦਮ ਹੈ ਆਪਣੇ ਸੰਕਲਪ ਲਈ ਦ੍ਰਿੜ ਹੋਣਾ।
ਸ਼ਾਬਦਿਕ ਹਿੰਸਾ ਤੋਂ ਪਰਹੇਜ : ਸਿੱਖ ਨੌਜਵਾਨਾਂ ਇੰਟਰਨੈੱਟ ‘ਤੇ ਹੋਣ ਵਾਲੇ ਭੰਡੀ ਪ੍ਰਚਾਰ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਸ਼ਾਬਦਿਕ ਹਿੰਸਾ ਸਿੱਖੀ ਦੇ ਸਿਧਾਂਤ ਖਿਲਾਫ਼ ਹੈ ਅਤੇ ਇਕ ਗੱਲ ਨੌਜਵਾਨ ਸਮਝ ਲੈਣ ਸਿਧਾਂਤ ਨਾਲ ਸਮਝੌਤਾ ਕਰਕੇ ਕਦੇ ਵੀ ਧਾਰਮਿਕ ਅਤੇ ਪੰਥਕ ਮੁਕਾਮਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਾਬਦਿਕ ਹਿੰਸਾ ਤੁਹਾਨੂੰ ਤੁਹਾਡੇ ਇਖ਼ਲਾਕ ਤੋਂ ਡੇਗਦੀ ਹੈ। ਸਿਖਾਂ ਦੀ ਪਹਿਚਾਣ ਉਹਨਾਂ ਦੇ ਇਖ਼ਲਾਕ ਕਰਕੇ ਹੀ ਹੈ। ਰਹਿਤ ਤੋਂ ਸੱਖਣੇ ਹੋਕੇ ਅਸੀਂ ਆਪਣੇ ਗੁਰੂ ਦੇ ਘਰ ਦੀ ਉਸਾਰੀ ਕਿਵੇਂ ਕਰ ਸਕਦੇ ਹਾਂ ਜਦੋ ਕਿ ਗੁਰੂ ਦਾ ਫੁਰਮਾਨ ਹੈ ” ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ ” ਸ਼ਾਬਦਿਕ ਹਿੰਸਾ ਸਿਖਾਂ ਦੀ ਸੋਚਣ ਸਿਕਤੀ ਨੂੰ ਖਤਮ ਕਰ ਰਹੀ ਹੈ।ਇਸ ਭੰਡੀ ਪ੍ਰਚਾਰ ਨਾਲ ਨੌਜਵਾਨ ‘ “ਜੋ ਸਾਡੇ ਤਰਾਂ ਨਹੀਂ ਸੋਚਦਾ ਉਹ ਗ਼ਦਾਰ ਹੈ ” ਇਸ ਧਾਰਨਾ ਦਾ ਸ਼ਿਕਾਰ ਹੋ ਰਹੇ ਨੇ।
ਬੇ ਭਰੋਸਗੀ ਦਾ ਦੌਰ : ਸਿੱਖਾਂ ਵਿੱਚ ਅੱਜ ਕੱਲ ਆਪਸੀ ਬੇ ਭਰੋਸਗੀ ਦਾ ਆਲਮ ਹੈ। ਸਿੱਖ ਨੌਜਵਾਨ ਇਸ ਦੇ ਵਿੱਚ ਚੱਕੀ ਵਿਚਾਲੇ ਅਤੇ ਦੇ ਦਾਣਿਆਂ ਵਾਂਗ ਪੀਸ ਰਹੇ ਨੇ।ਇਸ ਬੇ ਭਰੋਸਗੀ ਨੂੰ ਖ਼ਤਮ ਕਰਨ ਦੀ ਬਹੁਤ ਲੋੜ ਹੈ। ਸਿੱਖਾਂ ਵਿੱਚ ਵਿਰੋਧ ਕਰਨ ਵਾਲੀ ਨੂੰ ਵੀ ਨਹੀਂ ਪਤਾ ਕਿ ਉਹ ਇੱਕ ਦੂਜੇ ਦਾ ਵਿਰੋਧ ਕਿਉਂ ਕਰ ਰਹੇ ਨੇ। ਇਸ ਵਿਰੋਧ ਨੂੰ ਵਿਚਾਰਧਾਰਕ ਵਖਰੇਵੇਂ ਕਿਹਾ ਜਾ ਰਿਹਾ। ਪਰ ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਵਿਚਾਰਧਾਰਾ ਕੀ ਹੁੰਦੀ ਹੈ। ਇਕ ਦੂਜੇ ‘ਤੇ ਭਰੋਸਾ ਨਾ ਕਰਨ ਨੂੰ ਇਸ ਤਰਾਂ ਜੱਗ ਜਾਹਿਰ ਕੀਤਾ ਜਾ ਰਿਹਾ ਕਿ ਨੌਜਵਾਨ ਸਮਝ ਹੀ ਨਹੀਂ ਪਾ ਰਹੇ ਕੌਣ ਸਹੀ ਕੌਣ ਗ਼ਲਤ। ਹਰ ਕੋਈ ਆਪਣੇ ਆਪ ਨੂੰ ਪੰਥਕ ਦੱਸ ਰਿਹਾ ਪਰ ਨੌਜਵਾਨ ਬਿਰਤੀ ਨੂੰ ਇਸ ਕਦਰ ਉਲਝਾ ਦਿੱਤਾ ਗਿਆ ਹੈ ਕਿ ਉਹ ਸਹੀ ਗਲਤ ਦੀ ਚੋਣ ਕਰਨ ਤੋਂ ਅਸਮਰਥ ਹਨ। ਇਹੀ ਸਟੇਟ ਦਾ ਏਜੰਡਾ ਹੈ ਜਿਸਨੂੰ ਸਿੱਖਾਂ ਨੇ ਅਣਜਾਣੇ ਵਿੱਚ ਸਟੇਟ ਤੋਂ ਵੀ ਕਾਹਲੇ ਹੋ ਕੇ ਸਿੱਖ ਮਨਾ ਵਿੱਚ ਅੰਕਿਤ ਕਰ ਦਿੱਤਾ ਹੈ। ਭਰਾ ਮਾਰੂ ਜੰਗ ਦਾ ਪਹਿਲਾ ਕਦਮ ਬੇ ਭਰੋਸਗੀ ਹੀ ਹੈ। ਏਕੇ ਤੋਂ ਸੱਖਣੀਆਂ ਕੌਮਾਂ ਨੂੰ ਹਰਾਉਣਾ ਬਹੁਤ ਸੌਖਾ ਹੋ ਜਾਂਦਾ ਹੈ।
ਤੱਥ ਅਧਾਰਿਤ ਜਾਣਕਾਰੀ ਦੀ ਘਾਟ : ਅੱਜਕਲ ਸ਼ੋਸਲ ਮੀਡੀਆ ਦੇ ਯੁੱਗ ਵਿੱਚ ਹਰ ਕੋਈ ਪੱਤਰਕਾਰ ਹੈ। ਕਿਸੇ ਜਾਣਕਾਰੀ ਵਿਚਲੇ ਝੂਠ ਸੱਚ ਦੀ ਪੜਤਾਲ ਕੀਤਿਆ ਜਾਣਕਾਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ। ਸਿੱਖਾਂ ਨੌਜਵਾਨ ਨੇ ਜਾਣਕਾਰੀ ਲਈ ਸਿਰਫ਼ ਸ਼ੋਸ਼ਲ ਮੀਡੀਆਂ ਨੂੰ ਅਧਾਰ ਬਣਾ ਲਿਆ ਹੈ। ਦਰਅਸਲ ਜ਼ਿਆਦਾਤਰ ਵਿਸ਼ਵ ਵਿੱਚ ਹੋ ਹੀ ਇਹੀ ਰਿਹਾ ਇਸ ਵੇਲੇ। ਪਰ ਇਹ ਜਾਣਕਾਰੀ ਹਾਨੀਕਾਰਕ ਹੈ ਇਸ ਇਨਸਾਨ ਦੀ ਆਪਣੀ ਸਮਝ ਨੂੰ ਖਤਮ ਕਰਦੀ ਹੈ।
ਕੂਟਨੀਤਿਕ ਨਾ ਹੋਣਾ : ਸਿੱਖਾਂ ਨੂੰ ਪੈ ਰਹੀ ਮਾਰ ਦਾ ਵੱਡਾ ਕਾਰਨ ਸਿੱਖਾਂ ਦਾ ਕੂਟਨੀਤਿਕ ਨਾ ਹੋਣਾ ਹੈ। ਦੂਰਅੰਦੇਸ਼ੀ ਦਾ ਹੋਣਾ ਕਿਸੇ ਆਗੂਆਂ ਅਤੇ ਕੌਮ ਦੇ ਲਈ ਬਹੁਤ ਜਰੂਰੀ ਹੈ ਜਿਵੇਂ ਮਨੁੱਖੀ ਸਰੀਰ ਲਈ ਪਾਣੀ ਹਵਾ ਭੋਜਨ ਜਰੂਰੀ ਹੈ ਉੱਥੇ ਹੀ ਅੱਜ ਦੇ ਠੰਡੀ ਜੰਗ ਦੇਕਸਮੇ ਵਿੱਚ ਕੂਟਨੀਤਕ ਹੋਣਾ ਅਤਿ ਜਰੂਰੀ ਹੋ ਜਾਂਦਾ ਹੈ। ਅੱਜ ਦੁਨੀਆਂ ਦਾ ਹਰ ਦੇਸ਼ ਹਰ ਕਮ ਹਰ ਨਸਲ ਅਗਲੇ ਆਉਣ ਵਾਲੇ 20-50 ਸਾਲਾਂ ਦਾ ਸੋਚ ਕੇ ਨੀਤੀਆਂ ਤਿਆਰ ਕਰ ਰਹੇ ਹਨ। ਪਰ ਅਫਸੋਸ ਸਿਖਾਂ ਕੋਲ ਕੋਈ ਨੀਤੀ ਹੀ ਨਹੀਂ ਅਤੇ ਨੀਤੀ ਘਾੜਿਆ ਦੀ ਸਿੱਖ ਸੁਣਦੇ ਨਹੀਂ ਹਨ। ਅੱਜ ਸਿੱਖਾਂ ਦੇ ਹਰ ਨਿੱਕੇ ਨਿੱਕੇ ਮਸਲੇ ਨੂੰ ਏਨਾ ਉਲਝਾਇਆ ਜਾ ਰਿਹਾ ਕਿ ਕਦੇ ਸੁਲਝ ਹੀ ਨਾ ਸਕਣ ਅਤੇ ਜੇਕਰ ਸਿੱਖ ਕਦੇ ਇਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ ਕਰਨ ਤਾਂ ਆਪਸ ਵਿੱਚ ਲੜ ਲੜ ਕੇ ਮਰ ਜਾਣ। ਇਹ ਸਭ ਕੁਝ ਕੂਟਨੀਤੀ ਦੀ ਘਾਟ ਕਰਕੇ ਹੋ ਰਿਹਾ। SGPC ਨੂੰ ਤੋੜ ਕੇ ਹਰਿਆਣਾ ਕਮੇਟੀ ਅਤੇ ਪਹਿਲਾਂ ਦਿੱਲੀ ਕਮੇਟੀ ਬਣਾ ਦਿੱਤੀ ਗਈ , ਇਹ ਸਿੱਖਾਂ ਦੀ ਵਿਸ਼ਵ ਪੱਥਰ ਦੀ ਤਾਕਤ ਨੂੰ ਇਕ ਰਾਜ ਤੱਕ ਸੀਮਤ ਕਰਨ ਦਾ ਇਹ ਕੂਟਨੀਤਿਕ ਕਦਮ ਸੀ ਜਿਸਨੂੰ ਸਿੱਖ ਸਮਝ ਨਹੀਂ ਸਕੇਅਤੇ SGPC ‘ਤੇ ਕਾਬਜ਼ ਧੜੇ ਦੇ ਵਿਰੋਧੀ ਹੋਣ ਕਰਕੇ ਬਹੁਤੇ ਸਿੱਖ ਆਗੂਆਂ ਨੇ ਇਸ ਸਬੰਧੀ ਆਵਾਜ਼ ਚੁੱਕਣੀ ਵੀ ਜਾਇਜ਼ ਨਹੀਂ ਸਮਝੀ। ਦਰਅਸਲ ਇਹੀ ਦਾ ਕੂਟਨੀਤੀ ਹੈ। ਮਰਨ ਅਤੇ ਮਾਰਨ ਵਾਲੇ ਦੋਵੇਂ ਸਿੱਖ ਹਨ ਪਰ ਦੋਵਾਂ ਨੂੰ ਨਹੀਂ ਪਤਾ ਕਿ ਓਹਨਾ ਨੂੰ ਕੌਣ ਕੰਟਰੋਲ ਕਰ ਰਿਹਾ।
ਸਿੱਖਾਂ ਨੂੰ ਬਾਣੀ ਬਨੇ ਦੇ ਧਾਰਨੀ ਹੋਣਾ ਪਵੇਗਾ ਤਾਂ ਸਿੱਖਾਂ ਦੇ ਇਹ ਮਸਲੇ ਹੱਲ ਹੋਣਗੇ ਕਿਉਂ ਕਿ ਗੁਰੂ ਗੋਬਿੰਦ ਸਿੰਘ ਨੇ ਫੁਰਮਾਇਆ ਕਿ
ਜਬ ਇਹ ਗਹੈ ਬਿਪ੍ਰਨ ਕੀ ਰੀਤ।। ਮੈਂ ਨ ਕਰਉਂ ਇਨਕੀ ਪ੍ਰਤੀਤ।।
ਮਨਦੀਪ ਸਿੰਘ ਕੰਗ
ਹੁਸੈਨਪੁਰਾ , ਫਤਹਿਗੜ੍ਹ ਸਾਹਿਬ
12ਅਪ੍ਰੈਲ 2023
ਪਿਛਲੇ ਦਿਨਾਂ ਤੋਂ ਪੰਜਾਬ ਵਿਚ ਚੱਲ ਰਿਹਾ ਦਹਿਸ਼ਤ ਦਾ ਮਾਹੌਲ ਅਸੀਂ ਆਪਣੀ ਉਮਰ ਵਿਚ ਪਹਿਲੀ ਵਾਰ ਵੇਖ ਰਹੇ ਹਾਂ। ਸੁਣਿਆ ਜ਼ਰੂਰ ਸੀ ਕਿ 1984 ਦਾ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਅਤੇ ਨਵੰਬਰ ‘84 ਦਾ ਸਿੱਖ ਕਤਲੇਆਮ ਹੋਇਆ ਤਾਂ ਸਿੱਖਾਂ ਦੇ ਜੀਣ-ਥੀਣ ਦੀਆਂ ਸੰਭਾਵਨਾਵਾਂ ਨੂੰ ਹੀ ਰੋਲ ਕੇ ਰੱਖ ਦਿੱਤਾ ਗਿਆ ਸੀ। ਉਸ ਵੇਲੇ ਹਾਲਾਤਾਂ ਨੇ ਐਸੀ ਕਰਵਟ ਲਈ ਸੀ ਕਿ ਪੰਜਾਬ ਦੇ ਵੱਡੀ ਗਿਣਤੀ ਮੁੱਛ-ਫੁੱਟ ਗੱਭਰੂ ਮੁੱਖ ਧਾਰਾ ਤੋਂ ਭਗੌੜੇ ਹੋ ਕੇ ਹੱਥਾਂ ਵਿਚ ਕਿਤਾਬਾਂ ਦੀ ਜਗ੍ਹਾ ਬੰਦੂਕਾਂ ਚੁੱਕਣ ਲਈ ਮਜਬੂਰ ਹੋ ਗਏ ਸਨ। ਇਨ੍ਹਾਂ ਲੜਾਕਿਆਂ ਨਾਲ ਨਜਿੱਠਣ ਲਈ ਸਰਕਾਰ ਦੀ ਮਸ਼ੀਨਰੀ ਨੇ ਐਸਾ ਸਖਤੀ ਦਾ ਦੌਰ ਆਰੰਭਿਆ ਕਿ ਜਿਹੜੇ ਗੱਭਰੂ ਸਮਾਜ ਵਿਚ ਆਮ ਜੀਵਨ ਵੀ ਜੀਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਵੀ ਅੱਤਵਾਦੀ ਆਖ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ-ਖਪਾ ਦਿੱਤਾ ਗਿਆ ਜਾਂ ਫਿਰ ਬਹੁਤ ਸਾਰੇ ਆਮ ਨੌਜਵਾਨ ਅਜਿਹੀ ਅਨਿਆਈ ਮੌਤੇ ਮਰਨ ਦੀ ਬਜਾਇ ਮਜਬੂਰਨ ਘਰ-ਬਾਰ ਛੱਡਣ ਲਈ ਮਜਬੂਰ ਹੋ ਗਏ। ਤਕਰੀਬਨ ਡੇਢ ਲੱਖ ਸਿੱਖ ਨੌਜਵਾਨ ਉਸ ਦੌਰ ਦੀ ਭੇਟ ਚੜ੍ਹਿਆ। ਪੰਜਾਬ ਨੇ ਜੋ ਆਪਣਾ ਭਾਈਚਾਰਾ ਗਵਾਇਆ ਉੁਹ ਵੱਖਰਾ। ਆਰਥਿਕ ਤੌਰ ‘ਤੇ ਪੰਜਾਬ ਦੂਰ-ਦੂਰ ਤੱਕ ਹਨੇਰੇ ਵਾਲੇ ਦੌਰ ਵਿਚ ਚਲਾ ਗਿਆ। ਲੱਖਾਂ ਵੱਡੀਆਂ-ਛੋਟੀਆਂ ਉਦਯੋਗਿਕ ਇਕਾਈਆਂ ਪੰਜਾਬ ਵਿਚੋਂ ਹਿਜ਼ਰਤ ਕਰਕੇ ਦੂਜੇ ਸੂਬਿਆਂ ਵਿਚ ਚਲੀਆਂ ਗਈਆਂ। ਪੰਜਾਬ ਨੇ ਬੜੀ ਵੱਡੀ ਕੀਮਤ ਅਦਾ ਕਰਕੇ ਇਸ ਦੌਰ ਤੋਂ ਪਿੱਛਾ ਛੁਡਵਾਇਆ।
ਜਿਹੜੇ 1984 ਵੇਲੇ ਜਵਾਨ ਸਨ, ਉਹ ਅੱਜ ਉਮਰਾਂ ਦੇ ਪਿਛਲੇ ਪੜਾਅ ਵਿਚ ਮੌਜੂਦ ਹਨ। ਜਿਨ੍ਹਾਂ ਨੇ ਉਦੋਂ ਅਜੇ ਸੁਰਤ ਨਹੀਂ ਸੰਭਾਲੀ ਸੀ ਉਹ ਅੱਜ ਅੱਧਖੜ੍ਹ ਉਮਰਾਂ ਦੇ ਪੜਾਅ ਵਿਚ ਪਹੁੰਚੇ ਹੋਏ ਹਨ ਅਤੇ ਜਿਹੜੇ ਉਸ ਦੌਰ, ਖਾਸ ਕਰਕੇ 1990, ਜਦੋਂ ਪੰਜਾਬ ਵਿਚ ਕਾਲਾ ਦੌਰ ਸਮਾਪਤੀ ਵੱਲ ਨੂੰ ਜਾ ਰਿਹਾ ਸੀ, ਤੋਂ ਬਾਅਦ ਜਨਮੇ ਉਹ ਅੱਜ ਭਰ ਜਵਾਨੀ ਵਿਚ ਹਨ। ਉਪਰਲੇ ਕ੍ਰਮਵਾਰ ਪਹਿਲੇ ਦੋ ਉਮਰ ਪੜਾਵਾਂ ਵਾਲੇ ਲੋਕਾਂ ਨੇ ਪੰਜਾਬ ਦਾ ਮਾੜਾ ਸਮਾਂ ਆਪਣੇ ਅੱਖੀਂ ਦੇਖਿਆ ਅਤੇ ਬਹੁਤ ਸਾਰਿਆਂ ਨੇ ਹੱਢੀਂ ਵੀ ਹੰਢਾਇਆ ਹੈ। ਜਿਨ੍ਹਾਂ ਨੇ ਉਸ ਦੌਰ ਦਾ ਸੰਤਾਪ ਆਪਣੇ ਸਰੀਰਾਂ ‘ਤੇ ਝੱਲਿਆ, ਉਹ ਅੱਜ ਵੀ ਉਸ ਜਬਰ ਨੂੰ ਚੇਤੇ ਕਰਕੇ ਕੰਬਣ ਲੱਗਦੇ ਹਨ। ਜਿਹੜੇ ਉਸ ਦੌਰ ਤੋਂ ਬਾਅਦ ਜਨਮੇ ਉਨ੍ਹਾਂ ਨੇ ਉਸ ਦੌਰ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਕਿਤਾਬਾਂ ਜਾਂ ਪ੍ਰਚਾਰ ਸਾਧਨਾਂ ਰਾਹੀਂ ਸੁਣਿਆ ਤੇ ਅਨੁਭਵ ਕੀਤਾ ਹੈ।
ਪਿਛਲੇ ਦਿਨਾਂ ਤੋਂ ਜਿਸ ਤਰੀਕੇ ਨਾਲ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਸਭ ਨੂੰ ਇੰਜ ਜਾਪ ਰਿਹਾ ਹੈ ਕਿ ਜਿਵੇਂ ਪੰਜਾਬ ਨੂੰ ਮੁੜ ਕਿਸੇ ਦੀ ਮਾੜੀ ਨਜ਼ਰ ਲੱਗਣ ਜਾ ਰਹੀ ਹੋਵੇ। ਭਾਈ ਅੰਮ੍ਰਿਤਪਾਲ ਸਿੰਘ ਦੇ ਬਿਰਤਾਂਤ ਵਿਚ ਪੰਜਾਬ ਭਰ ਵਿਚੋਂ ਅਨੇਕਾਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਹੋ ਰਹੀ ਹੈ ਅਤੇ ਅਨੇਕਾਂ ਥਾਵਾਂ ‘ਤੇ ਪਿੰਡਾਂ-ਸ਼ਹਿਰਾਂ ਦੇ ਲੋਕ ਇਸ ਵਰਤਾਰੇ ਦੇ ਰੋਸ ਵਿਚ ਧਰਨੇ-ਮੁਜ਼ਾਹਰੇ ਵੀ ਕਰ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੀ ਰਹੱਸਮਈ ਗੁੰਮਨਾਮੀ ਨੂੰ ਸ਼ੱਕ ਦੇ ਦਾਇਰੇ ਵਿਚ ਰੱਖਦਿਆਂ ਵਿਦੇਸ਼ਾਂ ਵਿਚ ਵੀ ਸਿੱਖਾਂ ਵਲੋਂ ਵਿਰੋਧ ਹੋ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ਾਂ ਦੇ ਭਾਰਤੀ ਦੂਤਘਰਾਂ ਦੇ ਬਾਹਰ ਹਿੰਸਕ ਪ੍ਰਦਰਸ਼ਨ ਵੀ ਹੋ ਰਹੇ ਹਨ। ਹਾਲਾਂਕਿ ਪੁਲਿਸ ਤੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਵਿਚ ਫਿਲਹਾਲ ਨਹੀਂ ਆ ਸਕਿਆ ਅਤੇ ਉਸ ਦੇ ਸੈਂਕੜੇ ਤੋਂ ਵੱਧ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਜਣਿਆਂ ਨੂੰ ਕੌਮੀ ਸੁਰੱਖਿਆ ਐਕਟ (NSA) ਦੀ ਜੱਦ ਵਿਚ ਲਿਆ ਗਿਆ ਹੈ ਅਤੇ ਅਨੇਕਾਂ ਨੂੰ ਹੋਰ ਛਿਟ-ਪੁਟ ਅਪਰਾਧਿਕ ਧਾਰਾਵਾਂ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਵਿਚਲੇ ਹੋਰ ਤੱਤੀ-ਸੁਰ ਵਾਲੇ ਨੌਜਵਾਨਾਂ ਜਾਂ ਸਰਗਰਮ ਸਿੱਖ ਆਗੂਆਂ ਨੂੰ ਵੀ 7/51 ਤਹਿਤ ਹਿਰਾਸਤ ਵਿਚ ਰੱਖਣ ਦਾ ਸਿਲਸਿਲਾ ਚੱਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸਹੂਲਤ ਮੁਲਤਵੀ ਕਰਕੇ ਲੋਕਾਂ ਨੂੰ ਸੂਚਨਾ ਤੇ ਸੰਚਾਰ ਜਗਤ ਤੋਂ ਅਲਹਿਦਾ ਕੀਤਾ ਹੋਇਆ ਹੈ। ਇਸ ਤਰ੍ਹਾਂ ਬੜੀ ਵੱਡੀ ਬੇਯਕੀਨੀ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਭਾਵੇਂਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਦੇ ਖਿਲਾਫ ਸਰਕਾਰ ਦੀ ਵੱਡੀ ਕਾਰਵਾਈ ਦਾ ਆਧਾਰ ਪਿਛਲੀ 23 ਫਰਵਰੀ ਨੂੰ ਅਜਨਾਲੇ ਥਾਣੇ ਵਿਚ ਵਾਪਰੀ ਘਟਨਾ ਹੈ ਪਰ ਅੰਮ੍ਰਿਤਪਾਲ ਸਿੰਘ ਨੂੰ ਇਸ ਤੋਂ ਪਹਿਲਾਂ ਪੰਜਾਬ ਵਿਚ ਕੁਝ ਹੀ ਮਹੀਨਿਆਂ ਅੰਦਰ ਮਿਲੇ ਵੱਡੇ ਸਮਰਥਨ ਪਿਛਲਾ ਸੰਦਰਭ ਵੀ ਸਰਕਾਰ ਲਈ ਅਣਡਿੱਠ ਕਰਨ ਵਾਲਾ ਨਹੀਂ ਹੈ। ਸਿੱਖਾਂ ਅੰਦਰ ਇਹ ਮਲਾਲ ਮੁੱਦਤਾਂ ਤੋਂ ਧੁਖਿਆ ਆ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਰਾਬਰ ਦੇ ਸ਼ਹਿਰੀਆਂ ਵਾਲਾ ਰੁਤਬਾ ਨਹੀਂ ਮਿਲਿਆ। ਪੰਜਾਬੀ ਸੂਬਾ ਲੈਣ ਦੇ ਸੰਘਰਸ਼, ਦਰਿਆਈ ਪਾਣੀਆਂ ਦੇ ਹੱਕ, ਡੈਮ, ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਰੱਖਣ ਅਤੇ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ, ਨਵੰਬਰ ‘84 ਦੇ ਸਿੱਖ ਕਤਲੇਆਮ ਅਤੇ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਵਰਗੇ ਮਸਲੇ ਸਿੱਖਾਂ ਅੰਦਰ ਅਲਹਿਦਗੀ ਦੇ ਅਹਿਸਾਸ ਨੂੰ ਵਧਾਉਂਦੇ ਹਨ। ਇਸੇ ਬੇਗਾਨਗੀ ਦੀ ਭਾਵਨਾ ਦੇ ਨਾਲ-ਨਾਲ ਪਿਛਲੇ ਦਹਾਕੇ ਤੋਂ ਪੰਜਾਬ ਵਿਚ ਸਰਹੱਦ ਪਾਰੋੰ ਆ ਰਹੇ ਚਿੱਟੇ ਵਰਗੇ ਖ਼ਤਰਨਾਕ ਨਸ਼ਿਆਂ ਦੇ ਬੇਰੋਕ ਚੱਲ ਰਹੇ ਦੌਰ ਵਿਚ ਜਵਾਨੀ ਦੀ ਹੋ ਰਹੀ ਅਦਿੱਖ ਨਸਲਕੁਸ਼ੀ, ਸਿਆਸੀ ਬਦਲਾਖੋਰੀ ਦੇ ਸੱਭਿਆਚਾਰ ਵਿਚ ਆਮ ਲੋਕਾਂ ‘ਤੇ ਪੁਲਿਸ ਰਾਹੀਂ ਸੱਤਾਧਾਰੀਆਂ ਵਲੋਂ ਕੀਤੇ ਜਾਂਦੇ ਜਬਰ, ਬੇਰੁਜ਼ਗਾਰੀ ਅਤੇ ਅਰਾਜਕਤਾ ਨੇ ਪੰਜਾਬ ਦੇ ਲੋਕਾਂ ਨੂੰ ਬਦਜ਼ਨ ਕੀਤਾ ਹੋਇਆ ਹੈ। ਇਸੇ ਨਿਰਾਸ਼ਤਾ ਵਿਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਆਪ-ਮੁਹਾਰੇ ਵੱਡਾ ਸਮਰਥਨ ਦਿੱਤਾ ਸੀ। ਜੇਕਰ ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਰੂਪ ਵਿਚ ਨਿਭਾਈਆਂ ਹੁੰਦੀਆਂ ਤਾਂ ਪੰਜਾਬ ਵਿਚ ਅੱਜ ਇਹ ਸਥਿਤੀ ਪੈਦਾ ਹੀ ਨਾ ਹੁੰਦੀ।
ਖੈਰ! ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕੁਝ ਲੋਕਾਂ ਦੀ ਸਰਕਾਰ ਨੂੰ ਕਿਸੇ ਮਾਮਲੇ ਵਿਚ ਜਾਂ ਅਮਨ-ਕਾਨੂੰਨ ਦੀ ਬਹਾਲੀ ਲਈ ਗ੍ਰਿਫਤਾਰੀ ਦੀ ਲੋੜ ਵੀ ਸੀ ਤਾਂ ਸਰਕਾਰ ਨੂੰ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਸੀ, ਜਿਸ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਜਾਂ ਕਿਸੇ ਖਾਸ ਫਿਰਕੇ ਦੇ ਸਮੂਹਿਕ ਅਵਚੇਤਨ ਅੰਦਰ ਅਸੁਰੱਖਿਅਤ ਤੇ ਅਨਿਸ਼ਚਤਾ ਦੀ ਭਾਵਨਾ ਪ੍ਰਬਲ ਹੋਵੇ। ਕਿਸੇ ਮਨੁੱਖ ਨੂੰ ਗ੍ਰਿਫਤਾਰ ਕਰਨ ਲਈ ਪਾਰਦਰਸ਼ੀ ਤੇ ਪੇਸ਼ੇਵਰ ਤਰੀਕੇ ਵਰਤਣੇ ਇਕ ਜਮਹੂਰੀਅਤ-ਪਸੰਦ ਦੇਸ਼ ਅੰਦਰ ਜ਼ਰੂਰੀ ਹਨ ਪਰ ਜਿਸ ਤਰ੍ਹਾਂ ਨਾਲ ਹੁਣ ਮਾਹੌਲ ਬਣਿਆ ਹੋਇਆ ਹੈ ਇਹ ਡਰ ਨੌਜਵਾਨੀ ਨੂੰ ਗੁੰਮਰਾਹੀ ਦੇ ਰਾਹ ਵੱਲ ਵੀ ਤੋਰ ਸਕਦਾ ਹੈ, ਜਿਸ ਦਾ ਲਾਹਾ ਦੇਸ਼ ਤੇ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਤਾਕਤਾਂ ਨੂੰ ਮਿਲ ਸਕਦਾ ਹੈ। ਪਹਿਲਾਂ ਤੋਂ ਹੀ ਬੇਗਾਨਗੀ ਦਾ ਮਲਾਲ ਝੇਲ ਰਹੇ ਸਿੱਖਾਂ ਨੂੰ ਅਜਿਹਾ ਅਹਿਸਾਸ ਨਹੀਂ ਕਰਵਾਉਣਾ ਚਾਹੀਦਾ ਕਿ ਉਨ੍ਹਾਂ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਸਰਕਾਰ ਨੂੰ ਤੁਰੰਤ ਇਹੋ-ਜਿਹਾ ਸਹਿਮ ਦਾ ਮਾਹੌਲ ਖਤਮ ਕਰਨਾ ਚਾਹੀਦਾ ਹੈ ਅਤੇ ਪੁਲਿਸ ਨੂੰ ਸਮਾਜ ਦੀ ਮਿੱਤਰ ਤੇ ਸੁਰੱਖਿਆ ਕਰਨ ਵਾਲੀ ਪੇਸ਼ੇਵਰ ਏਜੰਸੀ ਵਾਂਗ ਕੰਮ ਕਰਨਾ ਚਾਹੀਦਾ ਹੈ।
ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਵੱਸਿਆ ਪੰਜਾਬ ਮੁੜ ਤੋਂ ਕਿਸੇ ਬੇਯਕੀਨੀ ਵਾਲੇ ਤੇ ਹਨੇਰੇ ਦੌਰ ਵਿਚ ਨਾ ਚਲਾ ਜਾਵੇ, ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਿੱਖਾਂ ਅੰਦਰੋਂ ਅਲਹਿਦਗੀ ਦੇ ਅਹਿਸਾਸ ਨੂੰ ਖਤਮ ਕਰਨ ਅਤੇ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਫੌਰੀ ਵੱਡੇ ਕਦਮ ਚੁੱਕਣ ਦੀ ਲੋੜ ਹੈ। ਚਿਰੋਕਣੇ ਸਿੱਖ ਮਸਲਿਆਂ ਦੇ ਹੱਲ, ਪੰਜਾਬ ਵਿਚੋਂ ਮਾਰੂ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹਣ, ਜਵਾਨੀ ਨੂੰ ਰੁਜ਼ਗਾਰ ਦੇਣ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ, ਸੂਬੇ ਵਿਚ ਸਰਕਾਰੀ ਨੌਕਰੀਆਂ ਅੰਦਰ ਪੰਜਾਬੀਆਂ ਨੂੰ ਪਹਿਲ ਦੇਣੀ, ਗੈਂਗਸਟਰਵਾਦ ਨੂੰ ਖਤਮ ਕਰਨ ਅਤੇ ਸਹੀ ਮਾਅਨਿਆਂ ਵਿਚ ਕਾਨੂੰਨ ਦਾ ਰਾਜ ਸਥਾਪਿਤ ਕਰਨੇ ਤਰਜੀਹੀ ਕਾਰਜ ਹੋਣੇ ਚਾਹੀਦੇ ਹਨ। ਇਸ ਦੇ ਨਾਲ ਅੱਜ ਦੇ ਸੰਵੇਦਨਸ਼ੀਲ ਮਾਹੌਲ ਵਿਚ ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਨੂੰ ਵੀ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਕੋਈ ਵੀ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜੋ ਸਿੱਖਾਂ ਦਾ ਕੌਮਾਂਤਰੀ ਭਾਈਚਾਰੇ ਵਿਚ ਅਕਸ ਵਿਗਾੜ ਕੇ, ਸਿੱਖ ਵਿਰੋਧੀ ਤਾਕਤਾਂ ਦੇ ਇਰਾਦਿਆਂ ਨੂੰ ਪੂਰਾ ਕਰਨ ਵਿਚ ਸਹਾਈ ਹੋਵੇ। ਵਿਦੇਸ਼ਾਂ ਵਿਚ ਭਾਰਤੀ ਦੂਤਘਰਾਂ ‘ਤੇ ਹਮਲਿਆਂ ਵਰਗੀਆਂ ਕਾਰਵਾਈਆਂ ਦੀ ਬਜਾਇ ਜਮਹੂਰੀ ਤੇ ਸ਼ਾਂਤਮਈ ਤਰੀਕਿਆਂ ਦੇ ਨਾਲ ਆਪਣੀ ਆਵਾਜ਼ ਚੁੱਕੀ ਜਾ ਸਕਦੀ ਹੈ। ਪਿਛਲੇ ਸਾਲਾਂ ਦੌਰਾਨ ‘ਖਾਲਸਾ ਏਡ’ ਵਰਗੀਆਂ ਸਿੱਖ ਸੰਸਥਾਵਾਂ ਦੀ ਸੇਵਾ ਕਾਰਨ ਦੁਨੀਆ ਭਰ ਵਿਚ ਸਿੱਖਾਂ ਦੀ ਜੋ ਸਨਮਾਨਯੋਗ ਛਵੀ ਤੇ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਸਿੱਖਾਂ ਦੀ ਜੋ ਭਾਈਚਾਰੇ ਦੀ ਮਿਸਾਲ ਬਣੀ ਸੀ, ਉਸ ਨੂੰ ਜਿਸ ਨਾਲ ਕੋਈ ਆਂਚ ਆਵੇ, ਅਜਿਹਾ ਕੁਝ ਵੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਇਸ ਸੰਕਟ ਦੀ ਘੜੀ ਵਿੱਚ ਅਗਵਾਈ ਲਈ ਅੱਗੇ ਆਵੇ, ਸਾਰਾ ਖਾਲਸਾ ਪੰਥ ਨਾਲ ਤੁਰੇਗਾ – ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ
ਪੰਜਾਬ ਅੰਦਰ ਚੱਲ ਰਹੀ ਜੁਲਮ ਜਬਰ ਦੀ ਹਨੇਰੀ ਬਾਬਤ ਸੁਰਸਿੰਘ ਵਿਖੇ ਚੱਲ ਰਹੇ ਬਰਸੀ ਸਮਾਗਮ ਦੌਰਾਨ ਹਜਾਰਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ੧੨ਵੇਂ ਜਾਂਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤ ਸੰਚਾਰ ਲਹਿਰ ਅਤੇ ਨੌਜੁਆਨਾਂ ਨੂੰ ਸ੍ਰੀ ਗੁਰੂ ਸਾਹਿਬ ਜੀ ਦੇ ਲੜ ਲਾਉਣ ਵਾਲੇ ਖਾਲਸਾ ਵਹੀਰ ਦੇ ਸੰਚਾਲਕ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਗ੍ਰਿਫਤਾਰੀ ਖਾਲਸਾ ਪੰਥ ਲਈ ਚਣੌਤੀ ਬਣ ਕੇ ਉਭਰੀ ਹੈ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਿਨਾ ਦੇਰੀ ਕੀਤਿਆਂ ਪੰਥ ਦੀਆਂ ਸਮੂਹ ਜਥੇਬੰਦੀਆਂ, ਸੰਪਰਦਾਵਾਂ, ਟਕਸਾਲਾਂ, ਸਿੰਘ ਸਭਾਵਾਂ ਅਤੇ ਪੰਥ ਦਰਦੀਆਂ ਦੀ ਇਕੱਤਰਤਾ ਕਰਕੇ ਸਰਕਾਰ ਵੱਲੋਂ ਅੱਖੋਂ ਉਹਲੇ ਕੀਤੇ ਨੌਜੁਆਨਾਂ ਨੂੰ ਰਿਹਾਅ ਕਰਾਉਣ ਲਈ ਜਲਦੀ ਅਗਲੇਰਾ ਪ੍ਰੋਗਰਾਮ ਦੇਣਾ ਚਾਹੀਦਾ ਹੈ ।
ਸੰਤ ਬਾਬਾ ਅਵਤਾਰ ਸਿੰਘ ਜੀ ਨੇ ਬੋਲਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਅਤੇ ਅਗਵਾਈ ਹੇਠ ਨੌਜੁਆਨਾਂ ਨੂੰ ਸਰਕਾਰੀ ਜਬਰ ਤੋਂ ਮੁਕਤ ਕਰਾਉਣ ਦੀ ਜਿੰਮੇਵਾਰੀ ਸਮੂਹ ਖਾਲਸਾ ਪੰਥ ਦੀ ਹੈ ।
ਪੰਜਾਬ ਇੰਨੇ ਸਹਿਜ ਦੌਰ ਵਿਚੋਂ ਨਹੀਂ ਗੁਜ਼ਰ ਰਿਹਾ, ਜਿੰਨਾ ਅਸੀਂ ਸਮਝੀ ਬੈਠੇ ਹਾਂ। ਜਿਨ੍ਹਾਂ ਨੇ ਪੰਜਾਬ ਦੇ ਭਵਿੱਖ ਦੇ ਵਾਰਿਸ ਬਣਨਾ ਹੈ, ਉਹ ਨੌਜਵਾਨ ਤਬਕਾ ਵੱਡੇ ਦਵੰਦ ਦਾ ਸ਼ਿਕਾਰ ਹੈ। ਵਾਪਰ ਰਹੀਆਂ ਘਟਨਾਵਾਂ ਵਿਚੋਂ ਸਮੇਂ ਦਾ ਸੱਚ ਮਹਿਸੂਸ ਕਰਨ ਦੀ ਲੋੜ ਹੈ ਕਿ ਇਕੱਲੇ ਗਰਮਜੋਸ਼ੀ ਤੇ ਧਰਮ ਦੀ ਜੈ-ਜੈਕਾਰ ਦੇ ਨਾਅਰੇ ਮਾਰਨ ਨਾਲ ਹੀ ਨਵੀਂ ਪੀੜ੍ਹੀ ਦੀ ਕਾਇਆ-ਕਲਪ ਨਹੀਂ ਹੋਣ ਵਾਲੀ, ਨੌਜਵਾਨੀ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜੇ ਬਗ਼ੈਰ ਭਵਿੱਖ ਨੂੰ ਮਹਿਫ਼ੂਜ਼ ਨਹੀਂ ਕੀਤਾ ਜਾ ਸਕਦਾ।
ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਹੋਲਾ-ਮਹੱਲਾ ਵੇਖਣ ਆਏ ਇਕ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਸਿੱਖ ਨੌਜਵਾਨਾਂ ਦੇ ਹੀ ਇਕ ਹਜ਼ੂਮ ਨੇ ਇਸ ਕਰਕੇ ਕੁੱਟ-ਕੁੱਟ ਕੇ ਮਾਰ ਕਰ ਦਿੱਤਾ ਕਿ ਉਹ ਨਿਹੰਗ ਇਨ੍ਹਾਂ ਨੌਜਵਾਨਾਂ ਨੂੰ ਹੋਲਾ-ਮਹੱਲਾ ਵਿਚ ਹੁੱਲੜਬਾਜ਼ੀ ਕਰਨ ਤੋਂ ਰੋਕ ਰਿਹਾ ਸੀ। ਇਸ ਤੋਂ ਇਕ-ਦੋ ਦਿਨ ਪਹਿਲਾਂ ਹਿਮਾਚਲ ਦੇ ਮਨੀਕਰਨ ਵਿਚ ਪੰਜਾਬ ਤੋਂ ਗਏ ਸਿੱਖ ਨੌਜਵਾਨਾਂ ਦਾ ਹਿਮਾਚਲੀ ਲੋਕਾਂ ਨਾਲ ਕਿਸੇ ਗੱਲੋਂ ਝਗੜਾ ਏਨਾ ਵਧ ਗਿਆ ਕਿ ਮੁਕਾਮੀ ਲੋਕਾਂ ਨੇ ਪੰਜਾਬੀ ਨੌਜਵਾਨਾਂ ਨੂੰ ਗੁਰਦੁਆਰੇ ਦੀ ਹਦੂਦ ਵਿਚ ਜਾ ਕੇ ਕੁੱਟਿਆ ਤੇ ਉਨ੍ਹਾਂ ਦੀਆਂ ਗੱਡੀਆਂ ਭੰਨ ਦਿੱਤੀਆਂ। ਪੰਜਾਬ ਵਿਚ ਇਸ ਘਟਨਾ ਨੂੰ ਸਿੱਖਾਂ ਨਾਲ ਹਿਮਾਚਲ ਵਿਚ ਧੱਕੇਸ਼ਾਹੀ ਦੇ ਨਜ਼ਰੀਏ ਤੋਂ ਵੇਖਿਆ ਗਿਆ ਜਦੋਂਕਿ ਹਿਮਾਚਲੀ ਲੋਕਾਂ ਦਾ ਦੋਸ਼ ਸੀ ਕਿ ਇਹ ਪੰਜਾਬੀ ਨੌਜਵਾਨ ਹਿਮਾਚਲੀਆਂ ਦੇ ਇਕ ਸਥਾਨਕ ਸਮਾਗਮ ਵਿਚ ਜਾ ਕੇ ਉਨ੍ਹਾਂ ਦੀਆਂ ਔਰਤਾਂ ਪ੍ਰਤੀ ਗਲਤ ਭਾਵਨਾ ਰੱਖ ਰਹੇ ਸਨ। ਗ਼ਲਤੀ ਕਿਸੇ ਇਕ ਦੀ ਹੋ ਵੀ ਸਕਦੀ ਹੈ ਪਰ ਉਸ ਦਾ ਖਮਿਆਜ਼ਾ ਸਾਰਿਆਂ ਨੂੰ ਭੁਗਤਣਾ ਪਿਆ। ਜਿਹੜੇ ਹੋਰ ਪੰਜਾਬੀ ਨੌਜਵਾਨ ਜਾਂ ਪਰਿਵਾਰ ਮਨੀਕਰਨ ਦੀ ਯਾਤਰਾ ‘ਤੇ ਗਏ ਹੋਏ ਸਨ, ਉਨ੍ਹਾਂ ਸਾਰਿਆਂ ਨਾਲ ਦੁਰਵਿਹਾਰ ਤੇ ਗੱਡੀਆਂ ਦੀ ਭੰਨਤੋੜ ਲਈ ਜ਼ਿੰਮੇਵਾਰ ਕੌਣ ਸੀ, ਗ਼ਲਤੀ ਕਰਨ ਵਾਲਾ ਕੋਈ ਇਕ ਪੰਜਾਬੀ ਨੌਜਵਾਨ ਜਾਂ ਫਿਰ ਸਾਰੇ ਹਿਮਾਚਲੀਏ?
ਮੇਰਾ ਵਿਚਾਰ ਹੈ ਕਿ ਸਾਡੇ ਸਮਿਆਂ ਦੌਰਾਨ ਸਿੱਖ ਨੌਜਵਾਨ ਪੀੜ੍ਹੀ ਦੇ ਮਾਨਸਿਕ ਤੇ ਬੌਧਿਕ ਦੁਖਾਂਤ ਨੂੰ ਅਨੁਭਵ ਕਰਨ ਲਈ ਤੁਹਾਨੂੰ ਹੋਲਾ-ਮਹੱਲਾ ਦੇ ਜੋੜ-ਮੇਲੇ ਤੋਂ ਬਿਹਤਰ ਹੋਰ ਕੋਈ ਮੌਕਾ ਨਹੀਂ ਮਿਲ ਸਕਦਾ। ਇਤਿਹਾਸਕ ਤੌਰ ‘ਤੇ ਤਾਂ ਹੋਲਾ-ਮਹੱਲਾ ਖਾਲਸਈ ਜਾਹੋ-ਜਲਾਲ ਦਾ ਪ੍ਰਤੀਕ ਹੈ ਪਰ ਜਦੋਂ ਇਸ ਜੋੜ-ਮੇਲੇ ਮੌਕੇ ਸਿੱਖ ਨੌਜਵਾਨ ਮੋਟਰਸਾਈਕਲਾਂ ਦੇ ਸਾਇਲੰਸਰ ਲਾਹ ਕੇ ਪਟਾਕੇ ਮਾਰਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਦਾਖਲ ਹੁੰਦਿਆਂ ਉੱਚੀ-ਉੱਚੀ ‘ਬੋਲੇ ਸੋ ਨਿਹਾਲ’ ਤੇ ‘ਰਾਜ ਕਰੇਗਾ ਖਾਲਸਾ’ ਦੇ ਜੈਕਾਰੇ ਲਾਉਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਸ਼ਾਮ ਨੂੰ ਥੱਕ-ਟੁੱਟ ਕੇ ਮੈਡੀਕਲ ਸਟੋਰਾਂ ਤੋਂ ਨਸ਼ੇ ਦੇ ਕੈਪਸੂਲ ਮੰਗਦੇ ਤੇ ਸੜਕਾਂ ਦੇ ਕੰਢੇ ‘ਦਸਾਂ ਰੁਪਇਆਂ ਵਿਚ ਜਹਾਜ਼ ਦੀ ਸੈਰ ਕਰੋ’ ਦੇ ਬੋਰਡ ਲਗਾ ਕੇ ਭੰਗ ਘੋਟ ਰਹੇ ਭੰਗੀਆਂ ਕੋਲੋਂ ਭੰਗ ਪੀਂਦੇ ਦਿਖਾਈ ਦਿੰਦੇ ਹਨ ਤਾਂ ਸਿੱਖ ਪੰਥ ਦੇ ਭਵਿੱਖ ਦੀ ਦਸ਼ਾ ਤੇ ਦਿਸ਼ਾ ਬਾਰੇ ਸੋਚਦਿਆਂ ਕੰਬਣੀ ਜਿਹੀ ਛਿੜਣ ਲਗਦੀ ਹੈ।
ਪੰਜਾਬ ਹਿੰਦੁਸਤਾਨ ਦਾ ਇਕ ਅਜਿਹਾ ਖਿੱਤਾ ਹੈ, ਜਿੱਥੇ ਖੇਤਰੀ ਭਾਵਨਾਵਾਂ ਦੂਜੇ ਖਿੱਤਿਆਂ ਦੇ ਮੁਕਾਬਲੇ ਹਮੇਸ਼ਾ ਬੇਹੱਦ ਪ੍ਰਬਲ ਰਹਿੰਦੀਆਂ ਹਨ। ਸਦੀਆਂ ਤੋਂ ਪੰਜਾਬ ਖ਼ੁਦਮੁਖਤਿਆਰੀ ਅਤੇ ਬਾਗੀ ਤਬੀਅਤ ਦਾ ਸੋਮਾ ਰਿਹਾ ਹੈ। ਇਸੇ ਕਾਰਨ ਦੇਸ਼ ਅੰਦਰ ਜਦੋਂ ਵੀ ਕੋਈ ਰਾਜਨੀਤਕ ਜਾਂ ਸਮਾਜਿਕ ਬਦਲਾਅ ਉਠਦਾ ਹੈ ਤਾਂ ਪੰਜਾਬ ਇਸ ਦਾ ਕੇਂਦਰ ਹੁੰਦਾ ਹੈ। ਪੰਜਾਬ ਨੇ ਕਦੇ ਵੀ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ ਅਤੇ ਇਹ ਆਪਣੀ ਹੋਂਦ-ਹਸਤੀ ਲਈ ਕੋਈ ਵੀ ਕੀਮਤ ਤਾਰਨ ਤੋਂ ਗੁਰੇਜ਼ ਨਹੀਂ ਕਰਦਾ।
1990 ਤੋਂ ਇਕ ਦਹਾਕਾ ਬਾਅਦ ਤੱਕ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਬਹੁਤ ਸਾਰੇ ਪਿੰਡਾਂ ਵਿਚੋਂ ਕੋਈ ਜੰਞ ਨਹੀਂ ਉੱਠ ਸਕੀ, ਕਿਉਂਕਿ ਖਾੜਕੂਵਾਦ ਦੇ ਖ਼ਾਤਮੇੇ ਦੇ ਨਾਂਅ ‘ਤੇ ਹੋਏ ਘਾਣ ਦੌਰਾਨ ਇਨ੍ਹਾਂ ਪਿੰਡਾਂ ਵਿਚ ਪੂਰੀ ਦੀ ਪੂਰੀ ਇਕ ਪੀੜ੍ਹੀ ਖ਼ਤਮ ਹੋ ਗਈ ਸੀ। ਸਮੇਂ ਦੇ ਪਹੀਏ ਨੇ ਆਪਣਾ ਇਕ ਗੇੜ ਪੂਰਾ ਕੀਤਾ ਤੇ ਪੰਜਾਬ ਮੁੜ ਅੰਗੜਾਈ ਲੈਣ ਯੋਗ ਹੋਇਆ ਪਰ ਜਿਸ ਹਿਸਾਬ ਨਾਲ ਅੱਜ ਸਵੈ-ਨਫ਼ਰਤ ਵਿਚੋਂ ਉਪਜੀ ਇਕ ਹੀਣ-ਭਾਵਨਾ ਤੇ ਬੇਵੱਸੀ ਦੇ ਸ਼ਿਕਾਰ ਹੋ ਕੇ ਸਿੱਖ ਜ਼ਮੀਨ-ਜੋਤਾਂ ਵੇਚ-ਵੱਟ ਕੇ ਆਪਣੇ ਨਿਆਣਿਆਂ ਨੂੰ ਕੈਨੇਡਾ, ਅਮਰੀਕਾ ਦੀ ਪੀ.ਆਰ. ਦਿਵਾਉਣ ਦੀ ਭੱਜ-ਦੌੜ ਵਿਚ ਲੱਗੇ ਹੋਏ ਹਨ, ਭਵਿੱਖ ਵਿਚ ਪੰਜਾਬ ਅੰਦਰ ਸਿੱਖਾਂ ਦਾ ਬਾਕੀ ਆਧਾਰ ਕੀ ਰਹਿ ਜਾਣਾ ਹੈ? ਪੰਦਰਾਂ ਤੋਂ ਪੰਝੀ ਸਾਲ ਦੇ ਕਿਸੇ ਵੀ ਸਿੱਖ ਨੌਜਵਾਨ ਨੂੰ ਪੁੱਛ ਕੇ ਵੇਖੋ ਕਿ, ਆਪਣੇ ਭਵਿੱਖ ਬਾਰੇ ਕੀ ਸੋਚਦੇ ਹੋ? ਤਾਂ ਸਭ ਦਾ ਤਕਰੀਬਨ ਇਕੋ ਜਵਾਬ ਹੋਵੇਗਾ, ਕੈਨੇਡਾ। ਜੇ ਖ਼ੁਦ ਆਈਲੈਟਸ ਨਹੀਂ ਤਾਂ ਪਿਓ ਦੀ ਦੋ ਕਿੱਲੇ ਜ਼ਮੀਨ ਵੇਚ ਕੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣ ਦਾ ਰਾਹ ਤਾਂ ਕਿਤੇ ਗਿਆ ਹੀ ਨਹੀਂ। ਕੈਨੇਡਾ ਜਾ ਕੇ ਟਰੱਕ ਡਰਾਇਵਰੀ ਜਾਂ ਸਕਿਓਰਿਟੀ ਗਾਰਡ ਦੀ ਨੌਕਰੀ ਕਰਨੀ ਹੀ ਬੱਸ ਹੁਣ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਦੇ ਜੀਵਨ ਦੀ ਅੰਤਿਮ ਮੰਜ਼ਿਲ ਬਣ ਕੇ ਰਹਿ ਗਈ ਹੈ। ਜੇਕਰ ਕਿਸੇ ਨੂੰ ਕਹਿ ਦੇਵੋ ਕਿ ਵਿਦੇਸ਼ਾਂ ਨੂੰ ਕਿਉਂ ਜਾਂਦੇ ਹੋ, ਇੱਥੇ ਹੀ ਰਹਿ ਕੇ ਕੋਈ ਨੌਕਰੀ ਜਾਂ ਕੰਮ-ਕਾਰ ਕਰ ਲਵੋ, ਤਾਂ ਬੜੇ ਦਾਅਵੇ ਨਾਲ ਕਹਿਣਗੇ, ਇੱਥੇ ਨੌਕਰੀਆਂ ਕਿੱਥੇ ਮਿਲਦੀਆਂ ਨੇ ਤੇ ਕੰਮ-ਕਾਰ ਕੋਈ ਚੱਲਦਾ ਨਹੀਂ।
ਨੌਕਰੀ ਮਿਲੇਗੀ ਵੀ ਕਿੰਜ? ਜਦੋਂ ਪੰਜਾਬ ਦੇ 60 ਫ਼ੀਸਦੀ ਪੇਂਡੂ ਸਿੱਖ ਨੌਜਵਾਨ ਦਸਵੀਂ ਪੱਧਰ ਦੀ ਪੜ੍ਹਾਈ ਤੋਂ ਅੱਗੇ ਨਹੀਂ ਵਧ ਰਹੇ। ਉਚੇਰੀ ਸਿੱਖਿਆ ਵਿਚ ਸਿੱਖ ਨੌਜਵਾਨਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੈ। ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ‘ਚ ਪੰਜਾਬੀ ਸਿੱਖ ਪਨੀਰੀ ਦਾ ਪੱਧਰ ਬਹੁਤ ਨੀਵਾਂ ਹੈ। ਦੁਨੀਆ ਦੀਆਂ ਦੂਜੀਆਂ ਕੌਮਾਂ ਤੇ ਧਰਮਾਂ ਦੇ ਮੁਕਾਬਲੇ ਕੌਮਾਂਤਰੀ ਪੱਧਰ ‘ਤੇ ਵੀ ਪੰਜਾਬੀਆਂ ਜਾਂ ਸਿੱਖਾਂ ਦੀ ਸਿੱਖਿਆ ਪੱਖੋਂ ਕਾਰਗੁਜ਼ਾਰੀ ਬਹੁਤੀ ਤਸੱਲੀਬਖ਼ਸ਼ ਨਹੀਂ ਹੈ। ਪੰਜਾਬ ‘ਚ ਪੜ੍ਹੇ-ਲਿਖੇ ਨੌਜਵਾਨਾਂ ਦਾ ਕੌਮਾਂਤਰੀ ਸਿੱਖਿਆ ਸੰਸਥਾਵਾਂ ‘ਚ ਦਾਖ਼ਲਾ ਨਾਂ-ਮਾਤਰ ਹੈ। ਨੌਕਰੀਆਂ ਦੇ ਇਮਤਿਹਾਨੀ ਮੁਕਾਬਲਿਆਂ ਵਿਚ ਬੈਠਣ ਦੀ ਯੋਗਤਾ ਹੀ ਨਹੀਂ ਹੈ ਤਾਂ ਫਿਰ ਸਰਕਾਰੀ ਨੌਕਰੀਆਂ ਕਿਵੇਂ ਮਿਲ ਸਕਦੀਆਂ ਹਨ? ਪੰਜਾਬ ਜਾਂ ਭਾਰਤ ਵਿਚ ਪੜ੍ਹ-ਲਿਖ ਕੇ ਨੌਕਰੀਆਂ ਨਾ ਮਿਲਣ ਦੇ ਪ੍ਰਚਾਰ ਦਾ ਹਿੱਸਾ ਬਣ ਰਹੇ ਸਿੱਖ ਕੀ ਇਹ ਦੱਸ ਸਕਦੇ ਹਨ ਕਿ ਦੇਸ਼ ਦੀਆਂ ਸਿਵਲ ਸੇਵਾਵਾਂ ਵਿਚ ਹਿੱਸਾ ਲੈਣ ਲਈ ਹਰ ਸਾਲ ਕਿੰਨੇ ਕੁ ਸਿੱਖ ਪ੍ਰੀਖਿਆ ਦਿੰਦੇ ਹਨ? ਕਿੰਨੇ ਸਿੱਖ ਆਈ.ਏ.ਐਸ. ਤੇ ਆਈ.ਪੀ.ਐਸ. ਬਣਦੇ ਹਨ? ਸਾਲ 1980 ਵਿਚ ਪੰਜਾਬ ਕੇਡਰ ਦੇ ਪਹਿਲੇ 15 ਆਈ.ਪੀ.ਐੱਸ. ਅਧਿਕਾਰੀਆਂ ਵਿਚੋਂ 10 ਸਿੱਖ ਸਨ ਤੇ ਅੱਜ ਪੰਜਾਬ ਕੇਡਰ ਦੇ ਪਹਿਲੇ 15 ਆਈ.ਪੀ.ਐਸ. ਵਿਚੋਂ ਸਿਰਫ ਤਿੰਨ ਸਿੱਖ ਹਨ ਜਦੋਂਕਿ ਇਨ੍ਹਾਂ ਵਿਚੋਂ ਸਾਰੇ ਡਾਇਰੈਕਟਰ ਜਨਰਲ ਰੈਂਕ ਤੱਕ ਪਹੁੰਚਣ ਤੋਂ ਪਹਿਲਾਂ ਹੀ ਸੇਵਾਮੁਕਤ ਹੋ ਜਾਣਗੇ। ਸਾਲ 2021-22 ਵਿਚ ਪੂਰੇ ਦੇਸ਼ ਵਿਚੋਂ ਕੇਵਲ ਤਿੰਨ ਸਿੱਖ ਆਈ.ਪੀ.ਐਸ. ਲਈ ਚੁਣੇ ਗਏ ਅਤੇ ਪੰਜਾਬ ਕੇਡਰ ਦੇ ਵੀ ਸਿਰਫ ਤਿੰਨ ਆਈ.ਪੀ. ਐੱਸ. ਚੁਣੇ ਗਏ, ਜਿਨ੍ਹਾਂ ਵਿਚੋਂ ਇਕ ਵੀ ਸਿੱਖ ਨਹੀਂ ਹੈ। ਇਸ ਹਿਸਾਬ ਨਾਲ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੋਵੇਗਾ ਕਿ ਭਵਿੱਖ ਵਿਚ ਪੰਜਾਬ ਦੇ ਪ੍ਰਸ਼ਾਸਨ ਵਿਚ ਸਿੱਖਾਂ ਦੀ ਕੀ ਸ਼ਮੂਲੀਅਤ ਹੋਵੇਗੀ ਜਦੋਂਕਿ ਕੁਝ ਸਾਲ ਪਹਿਲਾਂ ਤੱਕ ਇਕ ਰਵਾਇਤ ਰਹੀ ਹੈ ਕਿ ਪੰਜਾਬ ਦੇ ਡੀ.ਜੀ.ਪੀ. ਜਾਂ ਮੁੱਖ ਸਕੱਤਰ, ਦੋਵਾਂ ਵਿਚੋਂ ਇਕ ਜ਼ਰੂਰ ਸਿੱਖ ਹੁੰਦਾ ਸੀ।
ਅੱਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਵਿਚ ਸਿੱਖ ਅਧਿਕਾਰੀਆਂ ਦੀ ਗਿਣਤੀ ਵੀ ਨਾ-ਮਾਤਰ ਹੁੰਦੀ ਜਾ ਰਹੀ ਹੈ। ਇਸ ਸਭ ਲਈ ਜ਼ਿੰਮੇਵਾਰ ਕੌਣ ਹੈ? ਪੰਜਾਬ ਵਿਚ ਥਾਂ-ਥਾਂ, ਕੰਧਾਂ-ਇਮਾਰਤਾਂ ‘ਤੇ ਤੁਹਾਨੂੰ ਬੋਰਡ ਮਿਲਣਗੇ, ‘ਬਿਨਾਂ ਆਈਲੈਟਸ, ਕੈਨੇਡਾ, ਅਮਰੀਕਾ, ਆਸਟਰੇਲੀਆ ਜਾਓ’, ‘ਪੰਜ ਬੈਂਡ ਆਈਲੈਟਸ ਨਾਲ ਵੀ ਕੈਨੇਡਾ ਦੇ ਵੀਜ਼ੇ ਦੀ ਗਾਰੰਟੀ’, ‘ਆਈਲੈਟਸ ਕਰਨ ਲਈ ਮਿਲੋ’। ਦੂਜੇ ਪਾਸੇ ਬਿਹਾਰ ਵਿਚ ਚਲੇ ਜਾਵੋ ਤਾਂ ਤੁਹਾਨੂੰ ਇਹ ਬੋਰਡ ਥਾਂ-ਥਾਂ ਲਿਖੇ ਮਿਲਣਗੇ, ‘ਆਈ.ਏ.ਐਸ., ਆਈ.ਪੀ.ਐਸ. ਦੀ ਕੋਚਿੰਗ ਲਈ ਆਓ’, ‘ਸਾਡੇ ਕੋਲੋਂ ਕੋਚਿੰਗ ਕਰ ਚੁੱਕੇ ਵਿਦਿਆਰਥੀ ਆਈ.ਏ.ਐਸ., ਆਈ.ਪੀ.ਐਸ. ਵਿਚ ਫਲਾਂ, ਫਲਾਂ ਕੇਡਰ ਵਿਚ ਨਿਯੁਕਤ ਹਨ।’ ਪੰਜਾਬ ਵਿਚੋਂ ਵਿਦੇਸ਼ਾਂ ਵੱਲ ਪਰਵਾਸ ਕੋਈ ਆਮ ਹਿਜ਼ਰਤ ਨਹੀਂ ਹੈ, ਇਹ ਸਾਡੀ ਧਰਤੀ ਦਾ ਬੌਧਿਕ ਪਰਵਾਸ ਹੈ। ਇਹ ਸਾਡੀ ਵਿਦਿਅਕ ਕੰਗਾਲੀ ਦੇ ਲੱਛਣ ਹਨ। ਇਹ ਸਾਡੇ ਉਜਾੜੇ ਦਾ ਰਾਹ ਹੈ।
ਕੋਈ ਪੰਥਕ ਮੋਰਚਾ ਹੋਵੇ, ਕੋਈ ਧਰਨਾ-ਰੈਲੀ ਜਾਂ ਵਿਰੋਧ ਪ੍ਰਦਰਸ਼ਨ ਹੋਵੇ, ਤੁਹਾਨੂੰ ਪੰਜਾਬ ਦੇ ਨੌਜਵਾਨਾਂ ਦਾ ਠਾਠਾਂ ਮਾਰਦਾ ਜੋਸ਼ ਦਿਖਾਈ ਦੇਵੇਗਾ। ਮੂੰਹ-ਸਿਰ ‘ਤੇ ਦਾੜ੍ਹੀ-ਕੇਸ ਨਹੀਂ ਵੀ ਹੋਣਗੇ ਤਾਂ ਨਾਅਰਿਆਂ ਵਿਚਲਾ ਜੋਸ਼ ਪੰਥਪ੍ਰਸਤੀ ਨੂੰ ਬੇ-ਦਾਅਵਾ ਨਹੀਂ ਹੋਣ ਦੇਵੇਗਾ, ਪਰ ਹਕੀਕਤ ਕੀ ਹੈ? ਉਹੀ ਨੌਜਵਾਨ ਅਮਰ ਸਿੰਘ ਚਮਕੀਲੇ ਦਾ ਕਤਲ ਕਰਨ ਵਾਲਿਆਂ ਦਾ ਗੁਣਗਾਣ ਕਰਦੇ ਦਿਖਾਈ ਦੇਣਗੇ ਅਤੇ ਉਹੀ ਮੁੰਡੇ ਕਿਸੇ ਵੇਲੇ ਤੁਹਾਨੂੰ ਚਮਕੀਲੇ ਦੇ ਗੀਤ ਆਪਣੇ ਟਰੈਕਟਰਾਂ ‘ਤੇ ਧਮਕ-ਬੇਸ ਵਿਚ ਲਾ ਕੇ ਮੇਲਿਆਂ ਵਿਚ ਜਾਂਦੇ ਦਿਖਾਈ ਦੇਣਗੇ।
ਉਹੀ ਨੌਜਵਾਨ ਤੁਹਾਨੂੰ ਕੌਮੀਅਤ ਦੇ ਜਾਹੋ-ਜਲਾਲ ਦੀਆਂ ਗਰਮ-ਤਕਰੀਰਾਂ ਦੇ ਰਹੇ ਕਿਸੇ ਬੁਲਾਰੇ ਦੇ ਸਾਹਮਣੇ ਖੜ੍ਹੇ ਨਾਅਰੇ ਮਾਰਦੇ ਮਿਲਣਗੇ ਅਤੇ ਉਹੀ ਗੱਭਰੂ ਬਾਅਦ ਵਿਚ ਹੋਲਾ-ਮਹੱਲਾ ਦੇ ਜੋੜ-ਮੇਲੇ ਵਿਚ ਲੱਚਰ ਗੀਤ ਲਾ ਕੇ ਹੁੱਲੜਬਾਜ਼ੀ ਕਰਨੋਂ ਕਿਸੇ ਸੁਹਿਰਦ ਸਿੰਘ ਦੁਆਰਾ ਰੋਕੇ ਜਾਣ ‘ਤੇ, ਝਗੜਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਪੰਥ ਦੀ ਨੌਜਵਾਨੀ ਦਾ ਗਹਿਰਾ ਦਵੰਦ ਨਹੀਂ ਤਾਂ ਹੋਰ ਕੀ ਹੈ? ਕੌਣ ਇਸ ਦੁਬਿਧਾ ਵਿਚੋਂ ਨੌਜਵਾਨੀ ਨੂੰ ਕੱਢ ਕੇ ਕੌਮ ਦੇ ਭਵਿੱਖ ਦੇ ਵਾਰਿਸ ਬਣਾਉਣ ਦੀ ਸਮਰੱਥਾ ਵਿਚ ਲਿਆਵੇਗਾ? ਕੌਣ ਮੁੰਡਿਆਂ ਨੂੰ ਸਮਝਾਵੇਗਾ ਕਿ ਗਰਮਜੋਸ਼ੀ ਵਾਲੀਆਂ ਤਕਰੀਰਾਂ ‘ਤੇ ਜਜ਼ਬਾਤੀ ਹੋ ਕੇ ਪੰਥ ਲਈ ਮਰ-ਮਿਟਣ ਦੇ ਦਾਅਵੇ ਕਰਨੇ ਹੀ ਅਸਲ ਵਿਚ ਪੰਥਕ ਹੋਣ ਦੀ ਯੋਗਤਾ ਨਹੀਂ ਹੈ, ਬਲਕਿ ਪੰਥਕ ਬਣਨ ਲਈ ਉੱਚਾ ਤੇ ਸੁੱਚਾ ਵਿਵੇਕੀ ਕਿਰਦਾਰ ਅਤੇ ਆਤਮਿਕ ਕਾਇਆ-ਕਲਪ ਹੋਣੀ ਪ੍ਰਥਮ ਸ਼ਰਤ ਹੈ।
ਨੌਜਵਾਨੀ ਇਕੱਲੇ ਨਾਅਰਿਆਂ-ਦਾਅਵਿਆਂ ਦੀ ਬਜਾਇ, ਆਪਣੇ ਧਰਮ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਧਾਰਨੀ ਬਣੇ। ਨੈਤਿਕ ਸਿੱਖਿਆ ਸਾਡੇ ਵਿਦਿਆ-ਤੰਤਰ ਵਿਚ ਸ਼ਾਮਿਲ ਹੋਣੀ ਚਾਹੀਦੀ ਹੈ ਜੋ ਨੌਜਵਾਨ ਪੀੜ੍ਹੀ ਨੂੰ ਔਰਤਾਂ, ਬਜ਼ੁਰਗਾਂ ਅਤੇ ਵੱਡਿਆਂ ਨਾਲ ਸਲੀਕੇ ਦਾ ਚੱਜ, ਚੰਗੇ ਅਤੇ ਮਾੜੇ ਵਿਚਲੇ ਫਰਕ, ਆਪਣੇ ਅਤੇ ਪਰਾਏ ਦੀ ਪਛਾਣ, ਧਰਮ ਅਤੇ ਅਧਰਮ ਵਿਚਲੇ ਅੰਤਰ ਨੂੰ ਸਮਝਣ ਦੇ ਸਮਰੱਥ ਬਣਾਉਂਦੀ ਹੈ, ਜਿਸ ਤੋਂ ਬਗੈਰ ਕਿਸੇ ਵੀ ਕੌਮ ਦੀ ਜਵਾਨੀ ਭਵਿੱਖ ਦੀ ਵਾਰਿਸ ਨਹੀਂ ਬਣ ਸਕਦੀ।
-ਤਲਵਿੰਦਰ ਸਿੰਘ ਬੁੱਟਰ
-ਮੋਬਾਈਲ : 98780-70008.
Welcome to Panjab Broadcasting Channel! We are thrilled to have you join us on this exciting journey of sharing news, information, and entertainment with the world.
Panjab Broadcasting Channel is dedicated to providing high-quality content that celebrates the rich Sikh history, culture and traditions. You will be able to delve into the deep history of Panjab, be it pre-partition or the current day, we have something for everyone.
Our team of experienced journalists and broadcasters work tirelessly to bring you the latest news and information from Panjab, India, and around the world. We cover a wide range of topics, including , politics, sports, entertainment, business, and more.
In addition to our news coverage, we also offer a variety of programs that showcase the best of Panjabi music and culture. From popular Panjabi traditional folk music to more recent legends of Panjabi music like Sidhu Moosewala.
Thank you for choosing Panjab Broadcasting Channel as your source for news, information, and entertainment.