ਪੰਜਾਬ ਹਿਤੈਸ਼ੀ ਪੱਤਰਕਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੱਦੇ ਦੇ ਅਰਥ…
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਅਤੇ ਭਵਿੱਖੀ ਰਣਨੀਤੀ ‘ਤੇ ਵਿਚਾਰ-ਚਰਚਾ ਕਰਨ ਲਈ ਪੰਜਾਬ ਹਿਤੈਸ਼ੀ ਪੱਤਰਕਾਰਾਂ ਦੀ 7 ਅਪ੍ਰੈਲ ਨੂੰ ਸੱਦੀ ਵਿਸ਼ੇਸ਼ ਇਕੱਤਰਤਾ ਨੂੰ ਬੜੀ ਅਸਚਰਜਤਾ ਦੇ ਨਾਲ ਵੇਖਿਆ ਜਾ ਰਿਹਾ ਹੈ। ਕਿਉਂਕਿ ਆਮ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖਾਂ ਦੇ ਪੰਥਕ ਫੈਸਲੇ, ਧਾਰਮਿਕ ਅਵੱਗਿਆ ਕਰਨ ਵਾਲੇ ਸਿੱਖਾਂ ਨੂੰ ਖਾਰਜ ਕਰਨ ਤੇ ਮਾਫ਼ ਕਰਨ ਦੇ ਫੈਸਲੇ ਹੁੰਦੇ ਹੀ ਵੇਖੇ ਗਏ ਹਨ, ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਪੰਜਾਬ ਹਿਤੈਸ਼ੀ ਪੱਤਰਕਾਰਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਉਣੀ ਸਾਡੇ ਸਮਿਆਂ ਦੌਰਾਨ ਹਰੇਕ ਨੂੰ ਇਕ ਵਾਰ ਤਾਂ ਅਚੰਭੇ ਵਾਂਗ ਹੀ ਲੱਗਦੀ ਹੈ।
ਜਿਵੇਂ ਕਿ ਗੁਰਮਤਿ ਆਪਣੇ ਆਸ-ਪਾਸ ਦੇ ਸਮਾਜ ਨੂੰ ਤਿਆਗ ਕੇ ਆਪਣੇ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿਚ ਕੁੰਡਲੀ ਜਗਾਉਣ ਵਾਲਾ ਧਰਮ ਨਹੀਂ ਹੈ ਅਤੇ ਨਾ ਹੀ ਗ੍ਰਹਿਸਥ ਤੋਂ ਉਪਰਾਮ ਹੋ ਕੇ ਸਰੀਰ ’ਤੇ ਬਿਭੂਤੀ ਮਲ ਕੇ ਜੰਗਲਾਂ ’ਚ ਭ੍ਰਮਣ ਕਰਨ ਵਾਲਾ ਮਤ ਹੈ ਸਗੋਂ ਇਸ ਦਾ ਆਦਰਸ਼ਵਾਦ ‘‘ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈਮੁਕਤਿ॥’’ ਦੇ ਨਿਰਬਾਣ ਆਸ਼ੇ ਨੂੰ ਸੇਧਿਤ ਹੈ। ਇਸੇ ਤਰ੍ਹਾਂ ਸਿੱਖਾਂ ਦੀਆਂ ਸੰਸਥਾਵਾਂ ਦਾ ਦਾਇਰਾ ਵੀ ਨਾ-ਸਿਰਫ਼ ਸਿੱਖ ਧਾਰਮਿਕਤਾ ਤੱਕ ਸੀਮਤ ਹੈ, ਬਲਕਿ ਇਨ੍ਹਾਂ ਦੀ ਪ੍ਰਸੰਗਿਕਤਾ ਵੀ ਜੀਵਨ ਦੀ ਸਮੁੱਚਤਾ ਦੇ ਨਾਲ ਹੀ ਜੁੜੀ ਹੋਈ ਹੈ। ਜਬਰ-ਜ਼ੁਲਮ ਦੇ ਖ਼ਿਲਾਫ਼ ਸਿੱਖਾਂ ਨੂੰ ਸ਼ਸਤਰਧਾਰੀ ਤੇ ਜਥੇਬੰਦ ਕਰਨ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਥਾਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੇ ਸਿੱਖਾਂ ਦੀ ਰਾਜਸੀ ਸ਼ਕਤੀ ਦਾ ਕੇਂਦਰ ਹੈ, ਉੱਥੇ ਕਿਸੇ ਮਜ਼ਲੂਮ, ਨਿਥਾਵੇਂ ਤੇ ਨਿਆਸਰੇ ਨੂੰ ਬਿਨਾਂ ਉਸ ਦਾ ਮਜ਼੍ਹਬ ਵੇਖੇ-ਵਿਚਾਰੇ, ਆਸਰਾ ਦੇਣਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਰਦ ਰਿਹਾ ਹੈ। ਅਠ੍ਹਾਰਵੀਂ ਸਦੀ ਵਿਚ ਇਕ ਪੰਡਿਤ ਜਦੋਂ ਆਪਣੀ ਸਜ-ਵਿਆਹੀ ਪਤਨੀ ਨੂੰ ਕਸੂਰ ਦੇ ਹਾਕਮ ਦੀ ਬੰਦੀ ਵਿਚੋਂ ਛੁਡਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ ਸੀ ਤਾਂ ਇੱਥੋਂ ਹੀ ਸਿੰਘ ਅਰਦਾਸਾ ਕਰਕੇ ਕਸੂਰ ਦੇ ਹਾਕਮ ਉਸਮਾਨ ਖਾਂ ਦੀ ਕੈਦ ਵਿਚੋੰ ਹਿੰਦੂ ਅਬਲਾ ਨੂੰ ਬਾ-ਆਬਰੂ ਵਾਪਸ ਲਿਆਏ ਸਨ।
ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਦੁਆਰਾ ਮੀਡੀਆ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰਨ ਦਾ ਸਿਲਸਿਲਾ ਜਿਸ ਤਰ੍ਹਾਂ ਬੇਰੋਕ ਵੱਧਦਾ ਜਾ ਰਿਹਾ ਹੈ, ਉਸ ਨਾਲ ਪ੍ਰਗਟਾਵੇ ਦੀ ਆਜ਼ਾਦੀ ਤੇ ਜਮਹੂਰੀਅਤ ‘ਤੇ ਸਵਾਲ ਖੜ੍ਹੇ ਹੋਣ ਲੱਗ ਪਏ ਸਨ। ਪੱਤਰਕਾਰ ਜਥੇਬੰਦੀਆਂ ਅਤੇ ਮੀਡੀਆ ਅਦਾਰਿਆਂ ਵਲੋੰ ਇਸ ਰੁਝਾਨ ‘ਤੇ ਚਿੰਤਾ ਪ੍ਰਗਟ ਕੀਤੀ ਹੀ ਜਾ ਰਹੀ ਸੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਇਸ ਵਰਤਾਰੇ ‘ਤੇ ਮਿਲ-ਬੈਠ ਕੇ ਵਿਚਾਰ-ਵਟਾਂਦਰੇ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ, ਇਹ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਪਹਿਰੇਦਾਰ ਮੀਡੀਆ ਕਰਮੀਆਂ ਨੂੰ ਆਪਣਾ ਕੰਮ ਕਰਨ ਲਈ ਇਕ ਨਵਾਂ ਉਤਸ਼ਾਹ ਵੀ ਬਖ਼ਸ਼ੇਗਾ। ਇਹ ਇਕੱਤਰਤਾ ਚੋਣਵੇਂ ਤੇ ਸਰਗਰਮ ਪੱਤਰਕਾਰਾਂ ਦੀ ਹੋਵੇਗੀ, ਜਿਸ ਵਿਚ ਨਾਮਵਰ ਪੱਤਰਕਾਰ ਆਪਣੇ ਵਿਚਾਰ ਪ੍ਰਗਟ ਕਰਨਗੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭੀੜਾਂ ਤੋਂ ਪਰ੍ਹਾਂ ਹੋ ਕੇ ਸੁਹਿਰਦ ਤੇ ਸੰਜੀਦਾ ਲੋਕਾਂ ਦੇ ਸੰਵਾਦ ਦੀ ਪਿਰਤ ਤੋਰਨ ਲਈ ਜਿਹੜੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਬਿਨ੍ਹਾਂ ਸ਼ੱਕ ਸ਼ਲਾਘਾ ਕਰਨੀ ਬਣਦੀ ਹੈ।
ਇਸ ਤੋਂ ਪਹਿਲਾਂ 27 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਦੇ ਚੋਣਵੇਂ ਪ੍ਰਤੀਨਿਧਾਂ ਦੀ ਇਕੱਤਰਤਾ ਦੌਰਾਨ ਵਿਚਾਰਾਂ ਦੇ ਆਦਾਨ-ਪ੍ਰਦਾਨ ਤੇ ਉਨ੍ਹਾਂ ਵਿਚਾਰਾਂ ਵਿਚੋਂ ਕਿਸੇ ਚੰਗੇ ਨਤੀਜੇ ਤੇ ਸਮਾਜਿਕ ਕਤਾਰਬੰਦੀ ਲਈ ਜੋ ਤਜਰਬੇ ਸਾਹਮਣੇ ਆਏ ਹਨ, ਉਹ ਆਸ਼ਾਵਾਦੀ ਹਨ। ਕਿਉਂਕਿ ਅੱਜ ਦੇ ਸਮੇਂ ਦੌਰਾਨ ਸਾਡੇ ਸਮਾਜ ਵਿਚ ਵੱਡੇ ਪੱਧਰ ‘ਤੇ ਪੈਦਾ ਹੋਏ ਮਾਨਸਿਕ ਖਲਾਅ ਤੇ ਖਿੰਡਾਓ ਕਾਰਨ ਵੱਡੇ ਇਕੱਠ ਨਤੀਜਾਮੁਖੀ ਨਾ ਹੋ ਕੇ ਮਹਿਜ ਜਜ਼ਬਾਤੀ ਨਾਅਰੇਬਾਜ਼ੀ ਤੱਕ ਸੀਮਤ ਹੁੰਦੇ ਜਾ ਰਹੇ ਹਨ। ਇਹੋ ਜਿਹੇ ਸਮੇਂ ਵਿਚ ਜਦੋਂ ਤੱਕ ਸਾਡਾ ਸਮਾਜ ਮਾਨਸਿਕ ਖਿੰਡਾਓ ਵਿਚੋਂ ਬਾਹਰ ਆ ਕੇ ਤੰਦਰੁਸਤ ਤੇ ਵਿਵੇਕਸ਼ੀਲ ਨਹੀਂ ਬਣਦਾ, ਉਦੋਂ ਤੱਕ ਸੁਹਿਰਦ ਤੇ ਸੰਜੀਦਾ ਬਿਰਤੀ ਵਾਲੇ ਵੱਖ-ਵੱਖ ਖੇਤਰਾਂ ਜਿਵੇਂ, ਸਿੱਖਿਆ, ਆਰਥਿਕ, ਸਿਹਤ ਅਤੇ ਕਾਨੂੰਨ ਆਦਿ ਨਾਲ ਸਬੰਧਿਤ ਲੋਕਾਂ ਦੀਆਂ ਨਿੱਕੀਆਂ-ਨਿੱਕੀਆਂ ਗੋਸ਼ਟੀਆਂ ਦੀ ਕਸਰਤ ਜਾਰੀ ਰਹਿਣੀ ਚਾਹੀਦੀ ਹੈ।
ਆਸ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਹੇਠ ਪੰਜਾਬ ਹਿਤੈਸ਼ੀ ਤੇ ਮਨੁੱਖਤਾਵਾਦੀ ਪੱਤਰਕਾਰਾਂ ਦੇ ਇਕੱਠ ਵਿਚ; ਅੰਧ-ਰਾਸ਼ਟਰਵਾਦ ਤੇ ਵੱਖਵਾਦ, ਦੋਵਾਂ ਧਾਰਾਵਾਂ ਤੋਂ ਨਿਰਲੇਪ ਇਕ ਸੰਤੁਲਿਤ ਲਕੀਰ ਖਿੱਚੀ ਜਾਵੇਗੀ, ਜੋ ਕਿ ਸੱਚਾਈ, ਨਿਰਪੱਖਤਾ, ਦਲੇਰੀ, ਦੇਸ਼, ਸਮਾਜ, ਮਨੁੱਖੀ ਅਧਿਕਾਰਾਂ ਤੇ ਮਨੁੱਖੀ ਆਜ਼ਾਦੀ ‘ਤੇ ਆਧਾਰਿਤ ਹੋਵੇ। ਕਾਮਨਾ ਕਰਦੇ ਹਾਂ ਕਿ ਪੰਜਾਬ ਦਾ ਮੀਡੀਆ ਭੈਅ, ਅਫਵਾਹਾਂ, ਕੁੜੱਤਣ, ਨਫ਼ਰਤ ਅਤੇ ਝੂਠ ਤੋਂ ਰਹਿਤ ਸੱਚਾਈ, ਨਿਰਪੱਖਤਾ ਤੇ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਪੱਤਰਕਾਰੀ ਕਰਨ ਦਾ ਸਿਹਤਮੰਤ ਰੁਝਾਨ ਸਿਰਜਣ ਦੀ ਦਿਸ਼ਾ ਵੱਲ ਵਧੇਗਾ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)




