ਪੰਜਾਬ ਮੁੜ ਅਤੀਤ ਨਹੀਂ ਵੇਖਣਾ ਚਾਹੁੰਦਾ, ਸਰਕਾਰ ਜ਼ਿੰਮੇਵਾਰ ਬਣੇ, ਸਿੱਖ ਸੁਚੇਤ ਹੋਣ…
ਪਿਛਲੇ ਦਿਨਾਂ ਤੋਂ ਪੰਜਾਬ ਵਿਚ ਚੱਲ ਰਿਹਾ ਦਹਿਸ਼ਤ ਦਾ ਮਾਹੌਲ ਅਸੀਂ ਆਪਣੀ ਉਮਰ ਵਿਚ ਪਹਿਲੀ ਵਾਰ ਵੇਖ ਰਹੇ ਹਾਂ। ਸੁਣਿਆ ਜ਼ਰੂਰ ਸੀ ਕਿ 1984 ਦਾ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਅਤੇ ਨਵੰਬਰ ‘84 ਦਾ ਸਿੱਖ ਕਤਲੇਆਮ ਹੋਇਆ ਤਾਂ ਸਿੱਖਾਂ ਦੇ ਜੀਣ-ਥੀਣ ਦੀਆਂ ਸੰਭਾਵਨਾਵਾਂ ਨੂੰ ਹੀ ਰੋਲ ਕੇ ਰੱਖ ਦਿੱਤਾ ਗਿਆ ਸੀ। ਉਸ ਵੇਲੇ ਹਾਲਾਤਾਂ ਨੇ ਐਸੀ ਕਰਵਟ ਲਈ ਸੀ ਕਿ ਪੰਜਾਬ ਦੇ ਵੱਡੀ ਗਿਣਤੀ ਮੁੱਛ-ਫੁੱਟ ਗੱਭਰੂ ਮੁੱਖ ਧਾਰਾ ਤੋਂ ਭਗੌੜੇ ਹੋ ਕੇ ਹੱਥਾਂ ਵਿਚ ਕਿਤਾਬਾਂ ਦੀ ਜਗ੍ਹਾ ਬੰਦੂਕਾਂ ਚੁੱਕਣ ਲਈ ਮਜਬੂਰ ਹੋ ਗਏ ਸਨ। ਇਨ੍ਹਾਂ ਲੜਾਕਿਆਂ ਨਾਲ ਨਜਿੱਠਣ ਲਈ ਸਰਕਾਰ ਦੀ ਮਸ਼ੀਨਰੀ ਨੇ ਐਸਾ ਸਖਤੀ ਦਾ ਦੌਰ ਆਰੰਭਿਆ ਕਿ ਜਿਹੜੇ ਗੱਭਰੂ ਸਮਾਜ ਵਿਚ ਆਮ ਜੀਵਨ ਵੀ ਜੀਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਵੀ ਅੱਤਵਾਦੀ ਆਖ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ-ਖਪਾ ਦਿੱਤਾ ਗਿਆ ਜਾਂ ਫਿਰ ਬਹੁਤ ਸਾਰੇ ਆਮ ਨੌਜਵਾਨ ਅਜਿਹੀ ਅਨਿਆਈ ਮੌਤੇ ਮਰਨ ਦੀ ਬਜਾਇ ਮਜਬੂਰਨ ਘਰ-ਬਾਰ ਛੱਡਣ ਲਈ ਮਜਬੂਰ ਹੋ ਗਏ। ਤਕਰੀਬਨ ਡੇਢ ਲੱਖ ਸਿੱਖ ਨੌਜਵਾਨ ਉਸ ਦੌਰ ਦੀ ਭੇਟ ਚੜ੍ਹਿਆ। ਪੰਜਾਬ ਨੇ ਜੋ ਆਪਣਾ ਭਾਈਚਾਰਾ ਗਵਾਇਆ ਉੁਹ ਵੱਖਰਾ। ਆਰਥਿਕ ਤੌਰ ‘ਤੇ ਪੰਜਾਬ ਦੂਰ-ਦੂਰ ਤੱਕ ਹਨੇਰੇ ਵਾਲੇ ਦੌਰ ਵਿਚ ਚਲਾ ਗਿਆ। ਲੱਖਾਂ ਵੱਡੀਆਂ-ਛੋਟੀਆਂ ਉਦਯੋਗਿਕ ਇਕਾਈਆਂ ਪੰਜਾਬ ਵਿਚੋਂ ਹਿਜ਼ਰਤ ਕਰਕੇ ਦੂਜੇ ਸੂਬਿਆਂ ਵਿਚ ਚਲੀਆਂ ਗਈਆਂ। ਪੰਜਾਬ ਨੇ ਬੜੀ ਵੱਡੀ ਕੀਮਤ ਅਦਾ ਕਰਕੇ ਇਸ ਦੌਰ ਤੋਂ ਪਿੱਛਾ ਛੁਡਵਾਇਆ।
ਜਿਹੜੇ 1984 ਵੇਲੇ ਜਵਾਨ ਸਨ, ਉਹ ਅੱਜ ਉਮਰਾਂ ਦੇ ਪਿਛਲੇ ਪੜਾਅ ਵਿਚ ਮੌਜੂਦ ਹਨ। ਜਿਨ੍ਹਾਂ ਨੇ ਉਦੋਂ ਅਜੇ ਸੁਰਤ ਨਹੀਂ ਸੰਭਾਲੀ ਸੀ ਉਹ ਅੱਜ ਅੱਧਖੜ੍ਹ ਉਮਰਾਂ ਦੇ ਪੜਾਅ ਵਿਚ ਪਹੁੰਚੇ ਹੋਏ ਹਨ ਅਤੇ ਜਿਹੜੇ ਉਸ ਦੌਰ, ਖਾਸ ਕਰਕੇ 1990, ਜਦੋਂ ਪੰਜਾਬ ਵਿਚ ਕਾਲਾ ਦੌਰ ਸਮਾਪਤੀ ਵੱਲ ਨੂੰ ਜਾ ਰਿਹਾ ਸੀ, ਤੋਂ ਬਾਅਦ ਜਨਮੇ ਉਹ ਅੱਜ ਭਰ ਜਵਾਨੀ ਵਿਚ ਹਨ। ਉਪਰਲੇ ਕ੍ਰਮਵਾਰ ਪਹਿਲੇ ਦੋ ਉਮਰ ਪੜਾਵਾਂ ਵਾਲੇ ਲੋਕਾਂ ਨੇ ਪੰਜਾਬ ਦਾ ਮਾੜਾ ਸਮਾਂ ਆਪਣੇ ਅੱਖੀਂ ਦੇਖਿਆ ਅਤੇ ਬਹੁਤ ਸਾਰਿਆਂ ਨੇ ਹੱਢੀਂ ਵੀ ਹੰਢਾਇਆ ਹੈ। ਜਿਨ੍ਹਾਂ ਨੇ ਉਸ ਦੌਰ ਦਾ ਸੰਤਾਪ ਆਪਣੇ ਸਰੀਰਾਂ ‘ਤੇ ਝੱਲਿਆ, ਉਹ ਅੱਜ ਵੀ ਉਸ ਜਬਰ ਨੂੰ ਚੇਤੇ ਕਰਕੇ ਕੰਬਣ ਲੱਗਦੇ ਹਨ। ਜਿਹੜੇ ਉਸ ਦੌਰ ਤੋਂ ਬਾਅਦ ਜਨਮੇ ਉਨ੍ਹਾਂ ਨੇ ਉਸ ਦੌਰ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਕਿਤਾਬਾਂ ਜਾਂ ਪ੍ਰਚਾਰ ਸਾਧਨਾਂ ਰਾਹੀਂ ਸੁਣਿਆ ਤੇ ਅਨੁਭਵ ਕੀਤਾ ਹੈ।
ਪਿਛਲੇ ਦਿਨਾਂ ਤੋਂ ਜਿਸ ਤਰੀਕੇ ਨਾਲ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਸਭ ਨੂੰ ਇੰਜ ਜਾਪ ਰਿਹਾ ਹੈ ਕਿ ਜਿਵੇਂ ਪੰਜਾਬ ਨੂੰ ਮੁੜ ਕਿਸੇ ਦੀ ਮਾੜੀ ਨਜ਼ਰ ਲੱਗਣ ਜਾ ਰਹੀ ਹੋਵੇ। ਭਾਈ ਅੰਮ੍ਰਿਤਪਾਲ ਸਿੰਘ ਦੇ ਬਿਰਤਾਂਤ ਵਿਚ ਪੰਜਾਬ ਭਰ ਵਿਚੋਂ ਅਨੇਕਾਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਹੋ ਰਹੀ ਹੈ ਅਤੇ ਅਨੇਕਾਂ ਥਾਵਾਂ ‘ਤੇ ਪਿੰਡਾਂ-ਸ਼ਹਿਰਾਂ ਦੇ ਲੋਕ ਇਸ ਵਰਤਾਰੇ ਦੇ ਰੋਸ ਵਿਚ ਧਰਨੇ-ਮੁਜ਼ਾਹਰੇ ਵੀ ਕਰ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੀ ਰਹੱਸਮਈ ਗੁੰਮਨਾਮੀ ਨੂੰ ਸ਼ੱਕ ਦੇ ਦਾਇਰੇ ਵਿਚ ਰੱਖਦਿਆਂ ਵਿਦੇਸ਼ਾਂ ਵਿਚ ਵੀ ਸਿੱਖਾਂ ਵਲੋਂ ਵਿਰੋਧ ਹੋ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ਾਂ ਦੇ ਭਾਰਤੀ ਦੂਤਘਰਾਂ ਦੇ ਬਾਹਰ ਹਿੰਸਕ ਪ੍ਰਦਰਸ਼ਨ ਵੀ ਹੋ ਰਹੇ ਹਨ। ਹਾਲਾਂਕਿ ਪੁਲਿਸ ਤੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਵਿਚ ਫਿਲਹਾਲ ਨਹੀਂ ਆ ਸਕਿਆ ਅਤੇ ਉਸ ਦੇ ਸੈਂਕੜੇ ਤੋਂ ਵੱਧ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁਝ ਜਣਿਆਂ ਨੂੰ ਕੌਮੀ ਸੁਰੱਖਿਆ ਐਕਟ (NSA) ਦੀ ਜੱਦ ਵਿਚ ਲਿਆ ਗਿਆ ਹੈ ਅਤੇ ਅਨੇਕਾਂ ਨੂੰ ਹੋਰ ਛਿਟ-ਪੁਟ ਅਪਰਾਧਿਕ ਧਾਰਾਵਾਂ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡਾਂ-ਸ਼ਹਿਰਾਂ ਵਿਚਲੇ ਹੋਰ ਤੱਤੀ-ਸੁਰ ਵਾਲੇ ਨੌਜਵਾਨਾਂ ਜਾਂ ਸਰਗਰਮ ਸਿੱਖ ਆਗੂਆਂ ਨੂੰ ਵੀ 7/51 ਤਹਿਤ ਹਿਰਾਸਤ ਵਿਚ ਰੱਖਣ ਦਾ ਸਿਲਸਿਲਾ ਚੱਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸਹੂਲਤ ਮੁਲਤਵੀ ਕਰਕੇ ਲੋਕਾਂ ਨੂੰ ਸੂਚਨਾ ਤੇ ਸੰਚਾਰ ਜਗਤ ਤੋਂ ਅਲਹਿਦਾ ਕੀਤਾ ਹੋਇਆ ਹੈ। ਇਸ ਤਰ੍ਹਾਂ ਬੜੀ ਵੱਡੀ ਬੇਯਕੀਨੀ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਭਾਵੇਂਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਦੇ ਖਿਲਾਫ ਸਰਕਾਰ ਦੀ ਵੱਡੀ ਕਾਰਵਾਈ ਦਾ ਆਧਾਰ ਪਿਛਲੀ 23 ਫਰਵਰੀ ਨੂੰ ਅਜਨਾਲੇ ਥਾਣੇ ਵਿਚ ਵਾਪਰੀ ਘਟਨਾ ਹੈ ਪਰ ਅੰਮ੍ਰਿਤਪਾਲ ਸਿੰਘ ਨੂੰ ਇਸ ਤੋਂ ਪਹਿਲਾਂ ਪੰਜਾਬ ਵਿਚ ਕੁਝ ਹੀ ਮਹੀਨਿਆਂ ਅੰਦਰ ਮਿਲੇ ਵੱਡੇ ਸਮਰਥਨ ਪਿਛਲਾ ਸੰਦਰਭ ਵੀ ਸਰਕਾਰ ਲਈ ਅਣਡਿੱਠ ਕਰਨ ਵਾਲਾ ਨਹੀਂ ਹੈ। ਸਿੱਖਾਂ ਅੰਦਰ ਇਹ ਮਲਾਲ ਮੁੱਦਤਾਂ ਤੋਂ ਧੁਖਿਆ ਆ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਰਾਬਰ ਦੇ ਸ਼ਹਿਰੀਆਂ ਵਾਲਾ ਰੁਤਬਾ ਨਹੀਂ ਮਿਲਿਆ। ਪੰਜਾਬੀ ਸੂਬਾ ਲੈਣ ਦੇ ਸੰਘਰਸ਼, ਦਰਿਆਈ ਪਾਣੀਆਂ ਦੇ ਹੱਕ, ਡੈਮ, ਪੰਜਾਬੀ ਬੋਲਦੇ ਇਲਾਕੇ ਪੰਜਾਬੋਂ ਬਾਹਰ ਰੱਖਣ ਅਤੇ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ, ਨਵੰਬਰ ‘84 ਦੇ ਸਿੱਖ ਕਤਲੇਆਮ ਅਤੇ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਵਰਗੇ ਮਸਲੇ ਸਿੱਖਾਂ ਅੰਦਰ ਅਲਹਿਦਗੀ ਦੇ ਅਹਿਸਾਸ ਨੂੰ ਵਧਾਉਂਦੇ ਹਨ। ਇਸੇ ਬੇਗਾਨਗੀ ਦੀ ਭਾਵਨਾ ਦੇ ਨਾਲ-ਨਾਲ ਪਿਛਲੇ ਦਹਾਕੇ ਤੋਂ ਪੰਜਾਬ ਵਿਚ ਸਰਹੱਦ ਪਾਰੋੰ ਆ ਰਹੇ ਚਿੱਟੇ ਵਰਗੇ ਖ਼ਤਰਨਾਕ ਨਸ਼ਿਆਂ ਦੇ ਬੇਰੋਕ ਚੱਲ ਰਹੇ ਦੌਰ ਵਿਚ ਜਵਾਨੀ ਦੀ ਹੋ ਰਹੀ ਅਦਿੱਖ ਨਸਲਕੁਸ਼ੀ, ਸਿਆਸੀ ਬਦਲਾਖੋਰੀ ਦੇ ਸੱਭਿਆਚਾਰ ਵਿਚ ਆਮ ਲੋਕਾਂ ‘ਤੇ ਪੁਲਿਸ ਰਾਹੀਂ ਸੱਤਾਧਾਰੀਆਂ ਵਲੋਂ ਕੀਤੇ ਜਾਂਦੇ ਜਬਰ, ਬੇਰੁਜ਼ਗਾਰੀ ਅਤੇ ਅਰਾਜਕਤਾ ਨੇ ਪੰਜਾਬ ਦੇ ਲੋਕਾਂ ਨੂੰ ਬਦਜ਼ਨ ਕੀਤਾ ਹੋਇਆ ਹੈ। ਇਸੇ ਨਿਰਾਸ਼ਤਾ ਵਿਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਆਪ-ਮੁਹਾਰੇ ਵੱਡਾ ਸਮਰਥਨ ਦਿੱਤਾ ਸੀ। ਜੇਕਰ ਸਮੇਂ ਦੀਆਂ ਸਰਕਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਰੂਪ ਵਿਚ ਨਿਭਾਈਆਂ ਹੁੰਦੀਆਂ ਤਾਂ ਪੰਜਾਬ ਵਿਚ ਅੱਜ ਇਹ ਸਥਿਤੀ ਪੈਦਾ ਹੀ ਨਾ ਹੁੰਦੀ।
ਖੈਰ! ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕੁਝ ਲੋਕਾਂ ਦੀ ਸਰਕਾਰ ਨੂੰ ਕਿਸੇ ਮਾਮਲੇ ਵਿਚ ਜਾਂ ਅਮਨ-ਕਾਨੂੰਨ ਦੀ ਬਹਾਲੀ ਲਈ ਗ੍ਰਿਫਤਾਰੀ ਦੀ ਲੋੜ ਵੀ ਸੀ ਤਾਂ ਸਰਕਾਰ ਨੂੰ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਨਹੀਂ ਸਿਰਜਣਾ ਚਾਹੀਦਾ ਸੀ, ਜਿਸ ਨਾਲ ਸਮੁੱਚੇ ਪੰਜਾਬ ਦੇ ਲੋਕਾਂ ਜਾਂ ਕਿਸੇ ਖਾਸ ਫਿਰਕੇ ਦੇ ਸਮੂਹਿਕ ਅਵਚੇਤਨ ਅੰਦਰ ਅਸੁਰੱਖਿਅਤ ਤੇ ਅਨਿਸ਼ਚਤਾ ਦੀ ਭਾਵਨਾ ਪ੍ਰਬਲ ਹੋਵੇ। ਕਿਸੇ ਮਨੁੱਖ ਨੂੰ ਗ੍ਰਿਫਤਾਰ ਕਰਨ ਲਈ ਪਾਰਦਰਸ਼ੀ ਤੇ ਪੇਸ਼ੇਵਰ ਤਰੀਕੇ ਵਰਤਣੇ ਇਕ ਜਮਹੂਰੀਅਤ-ਪਸੰਦ ਦੇਸ਼ ਅੰਦਰ ਜ਼ਰੂਰੀ ਹਨ ਪਰ ਜਿਸ ਤਰ੍ਹਾਂ ਨਾਲ ਹੁਣ ਮਾਹੌਲ ਬਣਿਆ ਹੋਇਆ ਹੈ ਇਹ ਡਰ ਨੌਜਵਾਨੀ ਨੂੰ ਗੁੰਮਰਾਹੀ ਦੇ ਰਾਹ ਵੱਲ ਵੀ ਤੋਰ ਸਕਦਾ ਹੈ, ਜਿਸ ਦਾ ਲਾਹਾ ਦੇਸ਼ ਤੇ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਤਾਕਤਾਂ ਨੂੰ ਮਿਲ ਸਕਦਾ ਹੈ। ਪਹਿਲਾਂ ਤੋਂ ਹੀ ਬੇਗਾਨਗੀ ਦਾ ਮਲਾਲ ਝੇਲ ਰਹੇ ਸਿੱਖਾਂ ਨੂੰ ਅਜਿਹਾ ਅਹਿਸਾਸ ਨਹੀਂ ਕਰਵਾਉਣਾ ਚਾਹੀਦਾ ਕਿ ਉਨ੍ਹਾਂ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਸਰਕਾਰ ਨੂੰ ਤੁਰੰਤ ਇਹੋ-ਜਿਹਾ ਸਹਿਮ ਦਾ ਮਾਹੌਲ ਖਤਮ ਕਰਨਾ ਚਾਹੀਦਾ ਹੈ ਅਤੇ ਪੁਲਿਸ ਨੂੰ ਸਮਾਜ ਦੀ ਮਿੱਤਰ ਤੇ ਸੁਰੱਖਿਆ ਕਰਨ ਵਾਲੀ ਪੇਸ਼ੇਵਰ ਏਜੰਸੀ ਵਾਂਗ ਕੰਮ ਕਰਨਾ ਚਾਹੀਦਾ ਹੈ।
ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਵੱਸਿਆ ਪੰਜਾਬ ਮੁੜ ਤੋਂ ਕਿਸੇ ਬੇਯਕੀਨੀ ਵਾਲੇ ਤੇ ਹਨੇਰੇ ਦੌਰ ਵਿਚ ਨਾ ਚਲਾ ਜਾਵੇ, ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਿੱਖਾਂ ਅੰਦਰੋਂ ਅਲਹਿਦਗੀ ਦੇ ਅਹਿਸਾਸ ਨੂੰ ਖਤਮ ਕਰਨ ਅਤੇ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਫੌਰੀ ਵੱਡੇ ਕਦਮ ਚੁੱਕਣ ਦੀ ਲੋੜ ਹੈ। ਚਿਰੋਕਣੇ ਸਿੱਖ ਮਸਲਿਆਂ ਦੇ ਹੱਲ, ਪੰਜਾਬ ਵਿਚੋਂ ਮਾਰੂ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹਣ, ਜਵਾਨੀ ਨੂੰ ਰੁਜ਼ਗਾਰ ਦੇਣ ਲਈ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ, ਸੂਬੇ ਵਿਚ ਸਰਕਾਰੀ ਨੌਕਰੀਆਂ ਅੰਦਰ ਪੰਜਾਬੀਆਂ ਨੂੰ ਪਹਿਲ ਦੇਣੀ, ਗੈਂਗਸਟਰਵਾਦ ਨੂੰ ਖਤਮ ਕਰਨ ਅਤੇ ਸਹੀ ਮਾਅਨਿਆਂ ਵਿਚ ਕਾਨੂੰਨ ਦਾ ਰਾਜ ਸਥਾਪਿਤ ਕਰਨੇ ਤਰਜੀਹੀ ਕਾਰਜ ਹੋਣੇ ਚਾਹੀਦੇ ਹਨ। ਇਸ ਦੇ ਨਾਲ ਅੱਜ ਦੇ ਸੰਵੇਦਨਸ਼ੀਲ ਮਾਹੌਲ ਵਿਚ ਵਿਸ਼ਵ-ਵਿਆਪੀ ਸਿੱਖ ਭਾਈਚਾਰੇ ਨੂੰ ਵੀ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਕੋਈ ਵੀ ਅਜਿਹੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜੋ ਸਿੱਖਾਂ ਦਾ ਕੌਮਾਂਤਰੀ ਭਾਈਚਾਰੇ ਵਿਚ ਅਕਸ ਵਿਗਾੜ ਕੇ, ਸਿੱਖ ਵਿਰੋਧੀ ਤਾਕਤਾਂ ਦੇ ਇਰਾਦਿਆਂ ਨੂੰ ਪੂਰਾ ਕਰਨ ਵਿਚ ਸਹਾਈ ਹੋਵੇ। ਵਿਦੇਸ਼ਾਂ ਵਿਚ ਭਾਰਤੀ ਦੂਤਘਰਾਂ ‘ਤੇ ਹਮਲਿਆਂ ਵਰਗੀਆਂ ਕਾਰਵਾਈਆਂ ਦੀ ਬਜਾਇ ਜਮਹੂਰੀ ਤੇ ਸ਼ਾਂਤਮਈ ਤਰੀਕਿਆਂ ਦੇ ਨਾਲ ਆਪਣੀ ਆਵਾਜ਼ ਚੁੱਕੀ ਜਾ ਸਕਦੀ ਹੈ। ਪਿਛਲੇ ਸਾਲਾਂ ਦੌਰਾਨ ‘ਖਾਲਸਾ ਏਡ’ ਵਰਗੀਆਂ ਸਿੱਖ ਸੰਸਥਾਵਾਂ ਦੀ ਸੇਵਾ ਕਾਰਨ ਦੁਨੀਆ ਭਰ ਵਿਚ ਸਿੱਖਾਂ ਦੀ ਜੋ ਸਨਮਾਨਯੋਗ ਛਵੀ ਤੇ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਸਿੱਖਾਂ ਦੀ ਜੋ ਭਾਈਚਾਰੇ ਦੀ ਮਿਸਾਲ ਬਣੀ ਸੀ, ਉਸ ਨੂੰ ਜਿਸ ਨਾਲ ਕੋਈ ਆਂਚ ਆਵੇ, ਅਜਿਹਾ ਕੁਝ ਵੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)